ਸੰਸਦ ਦੇ ‘ਗਜ ਦੁਆਰ’ ਨੇੜਲਾ ਰੁੱਖ ਸੁਰੱਖਿਆ ਲਈ ਬਣਿਆ ਚੁਣੌਤੀ
ਸੰਸਦ ਦੀ ਨਵੀਂ ਇਮਾਰਤ ਦੇ ਛੇ ਗੇਟਾਂ ’ਚੋਂ ਇਕ ‘ਗਜ ਦੁਆਰ’ ਨੇੜਲਾ ਰੁੱਖ ਸੁਰੱਖਿਆ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸੇ ਦੁਆਰ ਤੋਂ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਅੰਦਰ ਦਾਖ਼ਲ ਹੁੰਦੇ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਤਾਇਨਾਤ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਨੇ ਇਸ ਰੁੱਖ ਨੂੰ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ ਜਿਸ ਮਗਰੋਂ ਉਸ ਨੂੰ ਸੰਸਦੀ ਕੰਪਲੈਕਸ ਦੇ ਅੰਦਰ ਆਈਜੀ4 ਪ੍ਰੇਰਣਾ ਸਥੱਲ ਨੇੜੇ ਲਗਾਇਆ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਇਕ ਨੌਜਵਾਨ ਵੱਲੋਂ ਆਈਜੀ-2 ਗੇਟ ਨੇੜੇ ਇਕ ਰੁੱਖ ’ਤੇ ਚੜ੍ਹ ਕੇ ਸੰਸਦ ਭਵਨ ਦੀ ਦੀਵਾਰ ਟੱਪਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਸੁਰੱਖਿਆ ਕਰਮੀਆਂ ਨੇ ਫੜ ਲਿਆ ਸੀ। ਐੱਸਪੀਜੀ, ਸੀਪੀਡਬਲਿਊਡੀ ਅਤੇ ਦਿੱਲੀ ਜੰਗਲਾਤ ਵਿਭਾਗ ਸਮੇਤ ਕਈ ਏਜੰਸੀਆਂ ਇਸ ਰੁੱਖ ਨੂੰ ਹੋਰ ਥਾਂ ’ਤੇ ਲਗਾਉਣ ਦੇ ਪੱਖ ’ਚ ਹਨ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਆਪਣੇ ਪੀਲੇ ਫੁੱਲਾਂ ਕਾਰਨ ਪਛਾਣੇ ਜਾਂਦੇ ਸਿਲਵਰ ਟਰੰਪਟ ਰੁੱਖ ਨੂੰ ਲੈ ਕੇ ਐੱਸਪੀਜੀ ਨੇ ਸਭ ਤੋਂ ਪਹਿਲਾਂ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਇਹ ਵੀਵੀਆਈਪੀ ਰਸਤੇ ’ਤੇ ਅੜਿੱਕਾ ਬਣ ਰਿਹਾ ਹੈ। ਸੀਪੀਡਬਲਿਊਡੀ ਨੇ ਐੱਸਪੀਜੀ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦੇਖਦਿਆਂ ‘ਨੰਬਰ 01’ ਵਾਲੇ ਰੁੱਖ ਨੂੰ ਹੋਰ ਥਾਂ ’ਤੇ ਲਗਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।