ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਗਨਲ ਤੇ ਰੂਟ ਵਿਚਾਲੇ ਗੜਬੜੀ ਕਾਰਨ ਵਾਪਰਿਆ ਰੇਲ ਹਾਦਸਾ

ਮੁੱਖ ਲਾਈਨ ਲਈ ਹਰੀ ਝੰਡੀ ਦਿਖਾਉਣ ਦੇ ਬਾਵਜੂਦ ਲੂਪ ਲਾਈਨ ’ਤੇ ਚਲੀ ਗਈ ਮੈਸੂਰ-ਦਰਭੰਗਾ ਐਕਸਪ੍ਰੈੱਸ
ਰੇਲ ਹਾਦਸੇ ਵਾਲੀ ਥਾਂ ਦੀ ਡਰੋਨ ਰਾਹੀਂ ਖਿੱਚੀ ਗਈ ਤਸਵੀਰ। -ਫੋਟੋ: ਏਐਨਆਈ
Advertisement

ਸ਼ੁੱਭਦੀਪ ਚੌਧਰੀ/ਪੀਟੀਆਈ

ਨਵੀਂ ਦਿੱਲੀ, 12 ਅਕਤੂਬਰ

Advertisement

ਤਾਮਿਲ ਨਾਡੂ ਦੇ ਤਿਰੁਵਲੂਰ ਜ਼ਿਲ੍ਹੇ ਵਿੱਚ ਰੇਲ ਹਾਦਸਾ ਸਿਗਨਲ ਤੇ ਰੂਟ ਦਰਮਿਆਨ ਗੜਬੜੀ ਕਾਰਨ ਵਾਪਰਿਆ। ਚੇਨੱਈ ਨੇੜੇ ਕਾਵਰਾਪੇਟੀ ਵਿੱਚ ਬੀਤੀ ਰਾਤ ਯਾਤਰੀ ਰੇਲ ਗੱਡੀ ਖੜ੍ਹੀ ਮਾਲਗੱਡੀ ਨਾਲ ਟਕਰਾ ਗਈ ਸੀ। ਰੇਲ ਗੱਡੀ ਨੰਬਰ 12578 ਮੈਸੂਰ-ਦਰਭੰਗਾ ਐਕਸਪ੍ਰੈੱਸ ਨੂੰ ਮੁੱਖ ਲਾਈਨ ਤੋਂ ਲੰਘਾਉਣ ਲਈ ਹਰੀ ਝੰਡੀ ਦਿਖਾਈ ਗਈ ਸੀ ਪਰ ਇਹ ਲੂਪ ਲਾਈਨ ’ਤੇ ਚਲੀ ਗਈ ਜਿਸ ’ਤੇ ਪਹਿਲਾਂ ਹੀ ਮਾਲਗੱਡੀ ਖੜ੍ਹੀ ਸੀ। ਯਾਤਰੀ ਰੇਲ ਗੱਡੀ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਇਸ ਨੂੰ ਮੇਨ ਲਾਈਨ ’ਤੇ ਲਿਆਉਣ ਦੀ ਥਾਂ ਲੂਪ ਸੈਕਸ਼ਨ ਵੱਲ ਮੋੜ ਦਿੱਤਾ ਗਿਆ। ਇਸ ਹਾਦਸੇ ਵਿੱਚ 12 ਡੱਬੇ ਪੱਟੜੀ ਤੋਂ ਉਤਰ ਗਏ ਅਤੇ ਪਾਵਰ ਕਾਰ ਵਿੱਚ ਅੱਗ ਲੱਗ ਗਈ। ਇਹ ਹਾਦਸਾ ਚੇਨੱਈ ਤੋਂ ਲਗਪਗ 40 ਕਿਲੋਮੀਟਰ ਦੂਰ ਵਾਪਰਿਆ। ਹਾਦਸੇ ਵਿੱਚ ਨੌਂ ਯਾਤਰੀ ਜ਼ਖ਼ਮੀ ਹੋ ਗਏ ਹਨ।ਰੇਲਵੇ ਨੇ ਰੇਲਵੇ ਸੁਰੱਖਿਆ ਕਮਿਸ਼ਨਰ (ਸੀਆਰਐੱਸ) ਨੂੰ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਰੇਲਵੇ ਸੁਰੱਖਿਆ ਕਮਿਸ਼ਨ ਨੇ ਅੱਜ ਸਵੇਰੇ ਹਾਦਸੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਹੈ। ਉਧਰ ਦੱਖਣੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਨੇ ਕਿਹਾ ਕਿ ਰੇਲ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਰੇਲਵੇ ਨੇ ਦੱਸਿਆ ਕਿ ਇਹ ਹਾਦਸਾ 11 ਅਕਤੂਬਰ ਨੂੰ ਰਾਤ ਸਾਢੇ ਅੱਠ ਵਜੇ ਵਾਪਰਿਆ। ਇਸ ਦੌਰਾਨ ਤਾਮਿਲ ਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਨੇ ਹਸਪਤਾਲ ਵਿੱਚ ਜਾ ਕੇ ਜ਼ਖ਼ਮੀ ਯਾਤਰੀਆਂ ਦਾ ਹਾਲ-ਚਾਲ ਪੁੱਛਿਆ। ਰੇਲ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਮਗਰੋਂ ਰੇਲਵੇ ਲਾਈਨ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਚਾਰ ਲਾਈਨ ਦੇ ਇਸ ਸੈਕਸ਼ਨ ’ਤੇ 13 ਅਕਤੂਬਰ ਸਵੇਰ ਤੱਕ ਰੇਲ ਆਵਾਜਾਈ ਬਹਾਲ ਹੋ ਜਾਵੇਗੀ।

ਹੋਰ ਕਿੰਨੇ ਕੁ ਪਰਿਵਾਰ ਤਬਾਹ ਹੋਣ ਮਗਰੋਂ ਜਾਗੇਗੀ ਸਰਕਾਰ: ਰਾਹੁਲ

ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਤਾਮਿਲ ਨਾਡੂ ਰੇਲ ਹਾਦਸੇ ਨੂੰ ਲੈ ਕੇ ਅੱਜ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਵਾਬਦੇਹੀ ਸਿਖਰਲੇ ਪੱਧਰ ਤੋਂ ਸ਼ੁਰੂ ਹੁੰਦੀ ਹੈ ਅਤੇ ਕਈ ਹਾਦਸਿਆਂ ਦੇ ਬਾਵਜੂਦ ਕੋਈ ਸਬਕ ਨਹੀਂ ਲਿਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਅਖ਼ੀਰ ਕਿੰਨੇ ਪਰਿਵਾਰਾਂ ਦੀ ਤਬਾਹੀ ਮਗਰੋਂ ਇਹ ਸਰਕਾਰ ਜਾਗੇਗੀ? ਰਾਹੁਲ ਗਾਂਧੀ ਨੇ ‘ਐਕਸ’ ’ਤੇ ਕਿਹਾ, ‘‘ਮੈਸੂਰ-ਦਰਭੰਗਾ ਰੇਲ ਹਾਦਸਾ ਬਾਲਾਸੋਰ ਦੇ ਭਿਆਲਕ ਹਾਦਸੇ ਨੂੰ ਦਰਸਾਉਂਦਾ ਹੈ। ਇੱਕ ਯਾਤਰੀ ਰੇਲ ਗੱਡੀ ਇੱਕ ਮਾਲ ਗੱਡੀ ਨਾਲ ਟਕਰਾ ਗਈ। ਕਈ ਹਾਦਸਿਆਂ ਵਿੱਚ ਕਈ ਲੋਕਾਂ ਦੀ ਜਾਨ ਜਾਣ ਦੇ ਬਾਵਜੂਦ ਕੋਈ ਸਬਕ ਨਹੀਂ ਲਿਆ ਜਾਂਦਾ। ਜਵਾਬਦੇਹੀ ਉਪਰ ਤੋਂ ਸ਼ੁਰੂ ਹੁੰਦੀ ਹੈ।’’ ਉਨ੍ਹਾਂ ਸਵਾਲ ਕੀਤਾ, ‘‘ਆਖ਼ਿਰ ਕਿੰਨੇ ਪਰਿਵਾਰਾਂ ਦੇ ਤਬਾਹ ਹੋਣ ਮਗਰੋਂ ਇਹ ਸਰਕਾਰ ਜਾਗੇਗੀ?’’ -ਪੀਟੀਆਈ

Advertisement
Show comments