ਯੂਪੀ ਦੇ ਮਿਰਜ਼ਾਪੁਰ ’ਚ ਦਰਦਨਾਕ ਹਾਦਸਾ, ਕਾਲਕਾਜੀ-ਹਾਵੜਾ ਰੇਲਗੱਡੀ ਦੀ ਲਪੇਟ ’ਚ ਆਉਣ ਕਰਕੇ ਛੇ ਸ਼ਰਧਾਲੂਆਂ ਦੀ ਮੌਤ
Mirzapur Train Accident ਯੂਪੀ ਦੇ ਮਿਰਜ਼ਾਪੁਰ ਵਿਚ ਬੁੱਧਵਾਰ ਸਵੇਰੇ ਰੇਲਵੇ ਲਾਈਨ ਪਾਰ ਕਰਦਿਆਂ ਕਾਲਕਾਜੀ-ਹਾਵੜਾ ਰੇਲਗੱਡੀ, ਜਿਸ ਨੂੰ ਨੇਤਾਜੀ ਐਕਸਪ੍ਰੈੱਸ ਵੀ ਕਿਹਾ ਜਾਂਦਾ ਹੈ, ਵੱਲੋਂ ਮਾਰੀ ਟੱਕਰ ਕਰਕੇ ਘੱਟੋ ਘੱਟ 6 ਸ਼ਰਧਾਲੂਆਂ ਦੀ ਮੌਤ ਹੋ ਗਈ। ਪੀੜਤ ਕਾਰਤਿਕ ਪੂਰਨਿਮਾ (ਕੱਤਕ ਦੀ ਪੁੰਨਿਆ) ਮੌਕੇ ਵਾਰਾਣਸੀ ਵਿਚ ਗੰਗਾ ਇਸ਼ਨਾਨ ਲਈ ਜਾ ਰਹੇ ਸਨ। ਹਾਦਸੇ ਵਾਲੀ ਥਾਂ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਸ਼ਰਧਾਲੂ ਸਵੇਰੇ ਲਗਪਗ 9:15 ਵਜੇ ਚੁਨਾਰ ਰੇਲਵੇ ਸਟੇਸ਼ਨ ਉੱਤੇ ਗੋਮੋਹ-ਪ੍ਰਯਾਗਰਾਜ ਐਕਸਪ੍ਰੈਸ ਤੋਂ ਉਤਰਨ ਮਗਰੋਂ ਗਲਤ ਪਾਸਿਓਂ ਰੇਲ ਪਟੜੀਆਂ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪਲੈਟਫਾਰਮ ਨੰਬਰ ਤਿੰਨ ਤੋਂ ਤੇਜ਼ ਰਫ਼ਤਾਰ ਨਾਲ ਲੰਘ ਰਹੀ ਨੇਤਾਜੀ ਐਕਸਪ੍ਰੈੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਰੇਲਵੇ ਅਧਿਕਾਰੀਆਂ ਅਨੁਸਾਰ ਯਾਤਰੀ ਰੇਲਗੱਡੀ ਦੇ ਪਲੈਟਫਾਰਮ ਵਾਲੇ ਪਾਸੇ ਨਹੀਂ ਉਤਰੇ, ਸਗੋਂ ਉਲਟ ਪਾਸੇ ਉਤਰੇ, ਜਿੱਥੇ ਉਨ੍ਹਾਂ ਨੂੰ ਦੂਜੇ ਪਾਸਿਓਂ ਆ ਰਹੀ ਇੱਕ ਹੋਰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਪੀੜਤ ਕਾਰਤਿਕ ਪੁੰਨਿਆ ਮੌਕੇ ਗੰਗਾ ਵਿਚ ਪਵਿੱਤਰ ਇਸ਼ਨਾਨ ਲਈ ਚੋਪਾਨ ਤੋਂ ਵਾਰਾਣਸੀ ਜਾ ਰਹੇ ਸਨ। ਇਹ ਹਾਦਸਾ ਚੁਨਾਰ ਰੇਲਵੇ ਸਟੇਸ਼ਨ ’ਤੇ ਵਾਪਰਿਆ।
ਮ੍ਰਿਤਕਾਂ ਦੀ ਪਛਾਣ ਸਵਿਤਾ (28), ਸਾਧਨਾ (16), ਸ਼ਿਵ ਕੁਮਾਰੀ (12), ਅੰਜੂ ਦੇਵੀ (20), ਸੁਸ਼ੀਲਾ ਦੇਵੀ (60) ਅਤੇ ਕਲਾਵਤੀ (50) ਵਜੋਂ ਹੋਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੌਮੀ ਅਤੇ ਰਾਜ ਆਫ਼ਤ ਰਿਸਪੌਂਸ ਬਲਾਂ ਨੂੰ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ। ਕੇਂਦਰੀ ਮੰਤਰੀ ਅਤੇ ਸਥਾਨਕ ਸੰਸਦ ਮੈਂਬਰ ਅਨੁਪ੍ਰਿਆ ਪਟੇਲ ਨੇ ਐਕਸ ’ਤੇ ਇੱਕ ਪੋਸਟ ਵਿਚ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ।
