ਮਾਤਾ ਵੈਸ਼ਨੋ ਦੇਵੀ ਮੰਦਰ ਦੇ ਰਸਤੇ ’ਚ ਢਿੱਗਾਂ ਡਿੱਗਣ ਕਾਰਨ ਸੱਤ ਹਲਾਕ; ਮੁਹਾਲੀ ਵਾਸੀ ਲੜਕੀ ਸਣੇ 21 ਜ਼ਖ਼ਮੀ
ਭਾਰੀ ਮੀਂਹ ਕਾਰਨ ਤ੍ਰਿਕੁਟਾ ਪਹਾੜੀਆਂ ’ਚ ਸਥਿਤ ਮਾਤਾ ਵੈਸ਼ਨੇ ਦੇਵੀ ਮੰਦਰ Mata Vaishno Devi shrine ਦੇ ਰਸਤੇ ’ਚ ਅੱਜ ਦੁਪਹਿਰ ਸਮੇਂ ਢਿੱਗਾਂ ਡਿੱਗਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਜਦਕਿ 21 ਜਣੇ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਢਿੱਗਾਂ ਦੀ ਘਟਨਾ ਕੱਟੜਾ ਤੋਂ ਮੰਦਰ ਤੱਕ ਜਾਂਦੇ 12 ਕਿਲੋਮੀਟਰ ਲੰਮੇ ਰਸਤੇ ਦੇ ਅੱਧ ਵਿਚਾਲੇ ਵਾਪਰੀ। ਅਧਿਕਾਰੀਆਂ ਨੇ ਕਿਹਾ ਕਿ ਦੁਪਹਿਰ ਬਾਅਦ 3 ਵਜੇ ਢਿੱਗਾਂ, ਪੱਥਰਾਂ ਡਿੱਗਣ ਮਗਰੋਂ ਜੰਮੂ ਕਸ਼ਮੀਰ ਦੇ ਰਿਆਸੀ ਜਿਲ੍ਹੇ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ Adhkwari ਵਿੱਚ Inderprastha Bhojnalaya ਨੇੜੇ ਬਚਾਅ ਕਾਰਜ ਜਾਰੀ ਹਨ।
Shri Mata Vaishno Devi Shrine Board ਨੇ ‘X’ ਉੱਤੇ post ’ਚ ਕਿਹਾ, ‘‘ਅੱਧਕਵਾਰੀ ਵਿਖੇ ਢਿੱਗਾਂ ਦੀ ਮੰਦਭਾਗੀ ਘਟਨਾ ਕਾਰਨ ਸੱਤ ਲੋਕਾਂ ਦੀ ਜਾਨ ਚਲੀ ਗਈ ਜਦਕਿ 21 ਜ਼ਖਮੀ ਹੋ ਗਏ।’’ ਇਹ ਗਿਣਤੀ ਵਧ ਸਕਦੀ ਹੈ।
ਢਿੱਗਾਂ ਤੇ ਪੱਥਰ ਡਿੱਗਣ ਦੀ ਘਟਨਾ ਸਮੇਂ ਫਸੇ ਲੋਕਾਂ ’ਚ ਮੁਹਾਲੀ ਦੀ ਕਿਰਨ ਵੀ ਸ਼ਾਮਲ ਸੀ। ਕੱਟੜਾ ਦੇ ਹਸਪਤਾਲ ’ਚ ਕਿਰਨ ਨੇ ਦੱਸਿਆ, ‘‘ਮੈਂ, ਮੰਦਰ ਦੇ ਦਰਸ਼ਨਾ ਮਗਰੋਂ ਪਹਾੜੀ ਤੋਂ ਥੱਲੇ ਆ ਰਹੀ ਸੀ ਕਿ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਪੱਥਰ ਹੇਠਾਂ ਡਿੱਗਦੇ ਹੋਏ ਦੇਖੇ। ਮੈਂ ਬਚਣ ਲਈ ਭੱਜੀ ਪਰ ਜ਼ਖਮੀ ਹੋ ਗਈ।’’ ਘਟਨਾ ਦੌਰਾਨ ਵਾਲ-ਵਾਲ ਬਚੀ ਇਕ ਹੋਰ ਲੜਕੀ ਨੇ ਕਿਹਾ, ‘‘ਗਰੁੱਪ ਵਿੱਚ ਅਸੀਂ ਪੰਜ ਜਣੇ ਸੀ, ਜਿਸ ਵਿੱਚੋਂ ਤਿੰਨ ਜ਼ਖਮੀ ਹੋ ਗਏ।’’
ਜੰਮੂ ਡਿਵੀਜ਼ਨ ਵਿੱਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ਉੱਤੇ ਆਵਾਜਾਈ ਠੱਪ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਲਗਪਗ ਸਾਰੀਆਂ ਨਦੀਆਂ ਅਤੇ ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾਂ ਨੇੜੇ ਵਹਿ ਰਹੇ ਹਨ, ਜਿਸ ਕਾਰਨ ਸ਼ਹਿਰ ਅਤੇ ਹੋਰ ਥਾਵਾਂ ’ਤੇ ਕਈ ਨੀਵੇਂ ਖੇਤਰ ਅਤੇ ਸੜਕਾਂ ਡੁੱਬ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ, ਕੇਲਾ ਮੋੜ ਅਤੇ ਬੈਟਰੀ ਚਸ਼ਮਾ ਵਿਖੇ ਪਹਾੜੀਆਂ ਤੋਂ ਪੱਥਰ ਡਿੱਗਣ ਤੋਂ ਬਾਅਦ ਅੱਜ ਸਵੇਰੇ 250 ਕਿਲੋਮੀਟਰ ਲੰਬੇ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ’ਤੇ ਆਵਾਜਾਈ ਇਹਤਿਆਤ ਵਜੋਂ ਮੁਅੱਤਲ ਕਰ ਦਿੱਤੀ ਗਈ।
ਇਸੇ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਜੰਮੂ ’ਚ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਚਾਰ ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੋ ਮੌਤਾਂ ਗੰਡੋਹ ’ਚ ਜਦਕਿ ਇੱਕ ਮੌਤ ਠਾਠਰੀ ’ਚ ਹੋਈ। ਉਨ੍ਹਾਂ ਦੱਸਿਆ ਕਿ ਇਲਾਕਿਆਂ ’ਚ 15 ਘਰ ਅਤੇ 4 ਪੁਲ ਨੁਕਸਾਨੇ ਗਏ, ਜਿਥੇ ਸਾਰੇ ਨਦੀਆਂ ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀਆਂ ਹਨ।
ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਜੰਮੂ ਦੇ ਕਈ ਹਿੱਸਿਆਂ ‘ਹਾਲਾਤ ਕਾਫੀ ਗੰਭੀਰ’ ਹਨ ਤੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਜਲਦੀ ਹੀ ਸ੍ਰੀਨਗਰ ਤੋਂ ਜੰਮੂ ਜਾਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਦੇ ਚੱਲਦਿਆਂ ਇਹਤਿਆਤ ਵਜੋਂ Mata Vaishno Devi ਮੰਦਰ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤ੍ਰਿਕੁਟਾ ਪਹਾੜੀਆਂ ’ਚ ਸਥਿਤ ਮਾਤਾ ਵੈਸ਼ਨੇ ਦੇਵੀ ਮੰਦਰ ਦੇ ਰਸਤੇ ’ਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਕਈ ਜਣੇ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ Adhkwari ਵਿੱਚ Inderprastha Bhojnalaya ਨੇੜੇ ਬਚਾਅ ਕਾਰਜ ਜਾਰੀ ਹਨ।
ਉਨ੍ਹਾਂ ਕਿਹਾ ਕਿ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇੱਕੋ-ਇੱਕ ਹਾਈਵੇਅ ’ਤੇ ਵਾਹਨਾਂ ਦੀ ਆਵਾਜਾਈ ਜੰਮੂ ਦੇ ਊਧਮਪੁਰ ਅਤੇ ਕਸ਼ਮੀਰ ਦੇ ਕਾਜ਼ੀਗੁੰਡ ਵਿੱਚ ਮੁਅੱਤਲ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਆਖਰੀ ਰਿਪੋਰਟਾਂ ਮਿਲਣ ਤੱਕ ਹਾਈਵੇਅ ’ਤੇ ਭਾਰੀ ਮੀਂਹ ਪੈ ਰਿਹਾ ਸੀ।
ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤਵਾੜ ਜ਼ਿਲ੍ਹੇ ਵਿੱਚ ਤ੍ਰੈਥ ਨਾਲਾ ਨੇੜੇ ਪੈਡਰ ਸੜਕ ਦਾ ਇੱਕ ਹਿੱਸਾ ਵਹਿ ਗਿਆ ਹੈ, ਜਦੋਂ ਕਿ ਊਧਮਪੁਰ ਵਿੱਚ ਰਾਮਨਗਰ-ਊਧਮਪੁਰ ਸੜਕ ਅਤੇ ਡੋਡਾ ਵਿੱਚ ਜੰਗਲਵਾਰ-ਥਾਥਰੀ ਸੜਕ ਕ੍ਰਮਵਾਰ ਕੋਂਗਾ ਅਤੇ ਥਾਥਰੀ ਵਿਖੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਹਨ।
ਕਿਸ਼ਤਵਾੜ, ਡੋਡਾ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਤੋਂ ਵੀ ਕਰੀਬ ਇੱਕ ਦਰਜਨ ਘਰਾਂ ਅਤੇ ਗਊਸ਼ਾਲਾਵਾਂ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਮੋਧੋਪੁਰ ਬੈਰਾਜ ਇੱਕ ਲੱਖ ਕਿਊਸਿਕ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਕਠੂਆ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨਾਲ-ਨਾਲ ਕਈ ਨੀਵੇਂ ਇਲਾਕਿਆਂ ਵਿੱਚ ਭਾਰੀ ਹੜ੍ਹ ਆ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਤਰਾਨਾ ਨਦੀ, ਉਝ ਨਦੀ, ਮੱਗਰ ਖਾੜ, ਸਹਰ ਖਾੜ, ਰਾਵੀ ਨਦੀ ਅਤੇ ਕਠੂਆ ਵਿੱਚ ਉਨ੍ਹਾਂ ਦੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਇੱਕੋ ਸਮੇਂ ਵੱਧ ਰਿਹਾ ਹੈ ਅਤੇ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਅਧਿਕਾਰੀਆਂ ਨੇ ਕਿਹਾ ਕਿ ਤਵੀ ਨਦੀ ਊਧਮਪੁਰ ਜ਼ਿਲ੍ਹੇ ਵਿੱਚ 20 ਫੁੱਟ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ, ਜਦੋਂ ਕਿ ਜੰਮੂ ਵਿੱਚ ਹੇਠਾਂ ਵੱਲ ਵਗ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਵਿੱਚ ਚਨਾਬ ਵੀ ਚੇਤਾਵਨੀ ਦੇ ਪੱਧਰ ਨੇੜੇ ਵਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਂਬਾ ਵਿੱਚ ਬਸੰਤਰ ਨਦੀ ਵੀ ਅੱਜ ਸਵੇਰੇ 4.5 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ।
ਮੌਸਮ ਵਿਭਾਗ ਅਨੁਸਾਰ, ਕਠੂਆ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਵੇਰੇ 8.30 ਵਜੇ ਤੱਕ ਸਭ ਤੋਂ ਵੱਧ 155.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਡੋਡਾ ਵਿੱਚ ਭੱਦਰਵਾਹ 99.8 ਮਿਲੀਮੀਟਰ, ਜੰਮੂ (81.5 ਮਿਲੀਮੀਟਰ) ਅਤੇ ਕਟੜਾ (68.8 ਮਿਲੀਮੀਟਰ) ਦਰਜ ਕੀਤਾ ਗਿਆ।
ਅਧਿਕਾਰੀਆਂ ਨੇ ਲੋਕਾਂ ਨੂੰ ਨਦੀਆਂ ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਜੰਮੂ, ਸਾਂਬਾ, ਕਠੂਆ, ਰਿਆਸੀ, ਊਧਮਪੁਰ, ਰਾਜੌਰੀ, ਰਾਮਬਨ, ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਦਰਮਿਆਨੀ ਤੋਂ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉੱਚਾਈ ਵਾਲੇ ਖੇਤਰਾਂ ਵਿੱਚ 27 ਅਗਸਤ ਤੱਕ ਬੱਦਲ ਫਟਣ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਵੀ ਸੰਭਾਵਨਾ ਹੈ। ਪੀਟੀਆਈ