ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ ਸ਼ੁਰੂ
ਭਾਰਤ ਅਤੇ ਅਮਰੀਕਾ ਦੇ ਮੁੱਖ ਵਾਰਤਾਕਾਰਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਭਾਰੀ ਟੈਕਸ ਕਾਰਨ ਪੈਦਾ ਹੋਏ ਮੁੱਦਿਆਂ ਨੂੰ ਸੁਲਝਾਇਆ ਜਾ ਸਕੇ। ਅਮਰੀਕੀ ਟੀਮ ਦੀ ਅਗਵਾਈ ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਸਹਾਇਕ, ਬ੍ਰੈਂਡਨ ਲਿੰਚ ਕਰ ਰਹੇ ਹਨ, ਜਦੋਂ ਕਿ ਵਣਜ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਭਾਰਤ ਦੇ ਮੁੱਖ ਵਾਰਤਾਕਾਰ ਹਨ।
ਲਿੰਚ ਆਪਣੇ ਭਾਰਤੀ ਹਮਰੁਤਬਾ ਨਾਲ ਇੱਕ ਦਿਨ ਦੀ ਗੱਲਬਾਤ ਲਈ ਸੋਮਵਾਰ ਦੇਰ ਰਾਤ ਭਾਰਤ ਪਹੁੰਚੇ ਹਨ।
ਰੂਸੀ ਕੱਚੇ ਤੇਲ ਦੀ ਖਰੀਦ ਕਾਰਨ ਅਮਰੀਕੀ ਬਾਜ਼ਾਰ 'ਚ ਦਾਖਲ ਹੋਣ ਵਾਲੀਆਂ ਭਾਰਤੀ ਵਸਤਾਂ 'ਤੇ 25 ਫੀਸਦੀ ਟੈਕਸ ਅਤੇ 25 ਫੀਸਦੀ ਦੀ ਵਾਧੂ ਪੈਨਲਟੀ ਲਗਾਏ ਜਾਣ ਤੋਂ ਬਾਅਦ ਕਿਸੇ ਉੱਚ-ਦਰਜੇ ਦੇ ਅਮਰੀਕੀ ਵਪਾਰ ਅਧਿਕਾਰੀ ਦਾ ਇਹ ਪਹਿਲਾ ਦੌਰਾ ਹੈ।
ਇੱਕ ਅਧਿਕਾਰੀ ਨੇ ਕਿਹਾ, "ਵਪਾਰਕ ਗੱਲਬਾਤ ਸ਼ੁਰੂ ਹੋ ਗਈ ਹੈ।" ਭਾਰਤ ਨੇ 50 ਫੀਸਦੀ ਦੇ ਭਾਰੀ ਟੈਰਿਫ ਨੂੰ ਗਲਤ ਅਤੇ ਗੈਰ-ਵਾਜਿਬ ਦੱਸਿਆ ਹੈ।
ਫਰਵਰੀ ਵਿੱਚ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਅਧਿਕਾਰੀਆਂ ਨੂੰ ਇੱਕ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (BTA) ਬਾਰੇ ਗੱਲਬਾਤ ਕਰਨ ਦਾ ਨਿਰਦੇਸ਼ ਦਿੱਤਾ। ਇਸ ਸਮਝੌਤੇ ਦੀ ਪਹਿਲੀ ਕਿਸ਼ਤ ਨੂੰ 2025 ਦੀਆਂ ਪਤਝੜ ਤੱਕ ਪੂਰਾ ਕਰਨ ਦੀ ਯੋਜਨਾ ਸੀ। ਹੁਣ ਤੱਕ ਗੱਲਬਾਤ ਦੇ ਪੰਜ ਦੌਰ ਹੋ ਚੁੱਕੇ ਹਨ ਅਤੇ ਛੇਵੇਂ ਦੌਰ ਦੀ ਗੱਲਬਾਤ, ਜੋ ਕਿ 25-29 ਅਗਸਤ ਤੱਕ ਹੋਣੀ ਸੀ, ਭਾਰੀ ਦਰਮਾਦ ਡਿਊਟੀ ਲਗਾਏ ਜਾਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਸੀ।
ਇੱਕ ਸੀਨੀਅਰ ਵਣਜ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਲਿੰਚ ਅਤੇ ਭਾਰਤੀ ਅਧਿਕਾਰੀਆਂ ਵਿਚਕਾਰ ਮੀਟਿੰਗ ਨੂੰ ਗੱਲਬਾਤ ਦੇ ਛੇਵੇਂ ਦੌਰ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਬਲਕਿ ਇਹ ਇਸਦੀ ਸ਼ੁਰੂਆਤ ਹੈ।