ਵਪਾਰ ਸਮਝੌਤੇ ਨਾਲ ਵੱਡੀ ਤਬਦੀਲੀ ਸੰਭਵ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ (ਈ ਯੂ) ਦਰਮਿਆਨ ਤਜਵੀਜ਼ਤ ਮੁਕਤ ਵਪਾਰ ਸਮਝੌਤਾ (ਐੱਫ ਟੀ ਏ) ਜਲਦੀ ਸਿਰੇ ਚੜ੍ਹਾਉਣ ਨਾਲ ਵੱਡੇ ਬਦਲਾਅ ਸੰਭਵ ਹਨ ਅਤੇ ਇਹ ਆਲਮੀ ਅਰਥਚਾਰੇ ਨੂੰ ਟਿਕਾਊ ਬਣਾਉਣ ਤੇ ਜਮਹੂਰੀ ਤਾਕਤਾਂ ਨੂੰ ਮਜ਼ਬੂਤ ਕਰਨ ਦੇ ਨਜ਼ਰੀਏ ਤੋਂ ਹੋਣਗੇ। ਉਨ੍ਹਾਂ ਨੇ ਇਹ ਗੱਲ 27 ਮੁਲਕਾਂ ਦੀ ਯੂਰੋਪੀਅਨ ਯੂਨੀਅਨ ਦੇ ਉੱਚ ਪੱਧਰੀ ਵਪਾਰ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਆਖੀ। ਸੱਤ ਮੈਂਬਰੀ ਵਫ਼ਦ ਦੋਵਾਂ ਧਿਰਾਂ ਵਿਚਾਲੇ ਲੰਬੇ ਸਮੇਂ ਉਡੀਕੇ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਆਇਆ ਹੋਇਆ ਹੈ। ਸ੍ਰੀ ਜੈਸ਼ੰਕਰ ਨੇ ਆਖਿਆ, ‘‘ਇਸ ਗੱਲ ’ਤੇ ਚਰਚਾ ਹੋਈ ਕਿ ਭਾਰਤ ਤੇ ਯੂਰੋਪੀਅਨ ਯੂਨੀਅਨ ਕਿਵੇਂ ਤਾਲਮੇਲ ਹੋਰ ਵਧਾ ਸਕਦੇ ਹਨ ਅਤੇ ਸਹਿਯੋਗ ਨੂੰ ਮਜ਼ਬੂਤ ਕਰ ਸਕਦੇ ਹਨ। ਇਸ ਨਾਲ ਆਲਮੀ ਅਰਥਚਾਰਾ ਸਥਿਰ ਹੋ ਸਕਦਾ ਹੈ ਤੇ ਜਮਹੂਰੀ ਤਾਕਤਾਂ ਮਜ਼ਬੂਤ ਹੋਣਗੀਆਂ।’’ ਸ੍ਰੀ ਜੈਸ਼ੰਕਰ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜਦੋਂ ਦੋਵੇਂ ਧਿਰਾਂ ਵੱਡੇ ਵਪਾਰ ਸਮਝੌਤੇ ਲਈ ਗੱਲਬਾਤ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਤੰਬਰ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਦਸੰਬਰ ਤੱਕ ਵਪਾਰ ਸਮਝੌਤੇ ਨੂੰ ਅੰਤਿਮ ਰੂੁਪ ਦੇਣ ਦੀ ਵਚਨਬੱਧਤਾ ਜਤਾਈ ਸੀ।
