ਪ੍ਰਧਾਨ ਮੰਤਰੀ ਨੇ ਕਿਸ ਦੇ ਅੱਗੇ ਆਤਮ-ਸਮਰਪਣ ਕੀਤਾ: ਗੋਗੋਈ
‘ਅਪਰੇਸ਼ਨ ਸਿੰਧੂਰ’ ਬਾਰੇ ਲੋਕ ਸਭਾ ’ਚ ਚਰਚਾ ’ਚ ਹਿੱਸਾ ਲੈਂਦਿਆਂ ਕਾਂਗਰਸ ਦੇ ਸਦਨ ’ਚ ਉਪ ਨੇਤਾ ਗੌਰਵ ਗੋਗੋਈ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈਣੀ ਚਾਹੀਦੀ ਹੈ। ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 26 ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ’ਚ ਵਪਾਰ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਫੌਜੀ ਕਾਰਵਾਈ ਰੋਕਣ ਲਈ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ ਅੱਗੇ ਆਤਮ-ਸਮਰਪਣ ਕੀਤਾ।’ ਗੋਗੋਈ ਨੇ ਕਿਹਾ ਕਿ ਸਰਕਾਰ ਵਾਰ ਵਾਰ ਆਖ ਰਹੀ ਹੈ ਕਿ ‘ਅਪਰੇਸ਼ਨ ਸਿੰਧੂਰ’ ਹਾਲੇ ਅਧੂਰਾ ਹੈ ਤਾਂ ਫਿਰ ਇਹ ਕਿਹੋ ਜਿਹੀ ਸਫ਼ਲਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਆਖ ਰਹੀ ਹੈ ਕਿ ਉਹ ਕਿਸੇ ਦੇ ਇਲਾਕੇ ’ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਸਨ ਤਾਂ ਫਿਰ ਮਕਬੂਜ਼ਾ ਕਸ਼ਮੀਰ ਕਿਵੇਂ ਵਾਪਸ ਲਿਆ ਜਾਵੇਗਾ। ਕਾਂਗਰਸ ਆਗੂ ਨੇ ਕਿਹਾ, ‘‘ਟਰੰਪ ਨੇ ਦਾਅਵਾ ਕੀਤਾ ਕਿ ਪੰਜ-ਛੇ ਜੈੱਟ ਡਿੱਗੇ ਹਨ ਅਤੇ ਇਕ ਜੈੱਟ ਹੀ ਕਰੋੜਾਂ-ਅਰਬਾਂ ਰੁਪਏ ਦਾ ਆਉਂਦਾ ਹੈ। ਰੱਖਿਆ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸਾਡੇ ਕਿੰਨੇ ਲੜਾਕੂ ਜੈੱਟ ਡਿੱਗੇ ਸਨ।’’ ਉਨ੍ਹਾਂ ਇਸ ਮੁੱਦੇ ’ਤੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਇੰਡੋਨੇਸ਼ੀਆ ’ਚ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀ ਗਰੁੱਪ ਕੈਪਟਨ ਸ਼ਿਵ ਕੁਮਾਰ ਅਤੇ ਡਿਪਟੀ ਚੀਫ਼ ਆਫ਼ ਆਰਮੀ ਸਟਾਫ ਲੈਫ਼ਟੀਨੈਂਟ ਜਨਰਲ ਰਾਹੁਲ ਆਰ ਸਿੰਘ ਦੇ ਬਿਆਨਾਂ ਦਾ ਹਵਾਲਾ ਦਿੱਤਾ। ਗੋਗੋਈ ਨੇ ਇਹ ਵੀ ਕਿਹਾ ਕਿ ਰੱਖਿਆ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਚੀਨ ਦਾ ਇਕ ਵਾਰ ਵੀ ਨਾਮ ਨਹੀਂ ਲਿਆ ਜਦਕਿ ਉਸ ਨੇ ਪਾਕਿਸਤਾਨ ਨੂੰ ਸਹਾਇਤਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਪਹਿਲਗਾਮ ਗਏ ਅਤੇ ਉਨ੍ਹਾਂ ਦਹਿਸ਼ਤੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਅਤਿਵਾਦ ਖ਼ਿਲਾਫ਼ ਸਰਕਾਰ ਦਾ ਸਾਥ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਕੌਮੀ ਹਿੱਤ ’ਚ ਵਿਰੋਧੀ ਧਿਰ ਸਵਾਲ ਕਰਦੀ ਰਹੇਗੀ।