ਈਡੀ ਦੀ ਛਾਪੇਮਾਰੀ ਦੌਰਾਨ ਟੀਐੱਮਸੀ ਵਿਧਾਇਕ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਗ੍ਰਿਫ਼ਤਾਰ
ਇੱਕ ਨਾਟਕੀ ਘਟਨਾਕ੍ਰਮ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਿਧਾਇਕ ਜੀਬਨ ਕ੍ਰਿਸ਼ਨ ਸਾਹਾ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿੱਚ ਆਪਣੇ ਘਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਕੰਧ ਟੱਪਣ ਤੋਂ ਬਾਅਦ ਫ਼ੜਿਆ ਗਿਆ।
ਅਧਿਕਾਰੀਆਂ ਅਨੁਸਾਰ ਇਹ ਤਲਾਸ਼ੀ ਕਾਰਵਾਈ ਸਕੂਲ ਸਰਵਿਸ ਕਮਿਸ਼ਨ (ਐੱਸਐੱਸਸੀ) ਅਧੀਨ ਅਧਿਆਪਕਾਂ ਦੀ ਭਰਤੀ ਦੇ ਕਥਿਤ ਘੁਟਾਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਸੀ।
ਦਿੱਲੀ ਵਿੱਚ ਇੱਕ ਸੀਨੀਅਰ ਈਡੀ ਅਧਿਕਾਰੀ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ, ‘‘ਜਿਵੇਂ ਹੀ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਹੋਈ, ਸਾਹਾ ਨੇ ਆਪਣੀ ਰਿਹਾਇਸ਼ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਏਜੰਸੀ ਦੀ ਟੀਮ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸ ਨੂੰ ਈਡੀ ਅਧਿਕਾਰੀਆਂ ਨੇ ਘਰ ਦੇ ਬਾਹਰ ਹੀ ਫ਼ੜ ਲਿਆ।’’
ਅਧਿਕਾਰੀ ਨੇ ਅੱਗੇ ਦੱਸਿਆ ਕਿ ਸਾਹਾ ਨੇ ਆਪਣਾ ਮੋਬਾਈਲ ਫੋਨ ਵੀ ਇੱਕ ਨਾਲੀ ਵਿੱਚ ਸੁੱਟ ਦਿੱਤਾ ਸੀ, ਹਾਲਾਂਕਿ ਬਾਅਦ ਵਿੱਚ ਈਡੀ ਦੇ ਅਧਿਕਾਰੀਆਂ ਨੇ ਉਸ ਨੂੰ ਬਰਾਮਦ ਕਰ ਲਿਆ ਅਤੇ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸੂਤਰਾਂ ਅਨੁਸਾਰ ਸਾਹਾ ਨੂੰ ਬਾਅਦ ਵਿੱਚ ਸੰਬੰਧਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਈਡੀ ਉਸ ਦੀ ਹਿਰਾਸਤ ਦੀ ਮੰਗ ਕਰੇਗੀ।
ਈਡੀ ਦੀ ਮਨੀ ਲਾਂਡਰਿੰਗ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਰਜ ਕੀਤੀ ਗਈ ਐੱਫ਼ਆਈਆਰ ’ਤੇ ਅਧਾਰਤ ਹੈ, ਜਿਸ ਨੂੰ ਕਲਕੱਤਾ ਹਾਈ ਕੋਰਟ ਨੇ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਗਰੁੱਪ ਸੀ ਅਤੇ ਡੀ ਸਟਾਫ਼ ਅਤੇ ਸਹਾਇਕ ਤੇ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਿੱਚ ਵੱਡੇ ਪੱਧਰ 'ਤੇ ਬੇਨਿਯਮੀਆਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਸੀ।
ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਸਾਹਾ ਦੇ ਰਿਸ਼ਤੇਦਾਰਾਂ ਅਤੇ ਕਰੀਬੀ ਸਹਿਯੋਗੀਆਂ ਦੇ ਘਰਾਂ ’ਤੇ ਵੀ ਇੱਕੋ ਸਮੇਂ ਤਲਾਸ਼ੀ ਲਈ ਗਈ ਸੀ। ਵਿਧਾਇਕ ਨੂੰ ਇਸ ਤੋਂ ਪਹਿਲਾਂ 2023 ਵਿੱਚ ਘੁਟਾਲੇ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਲਈ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਵਿਚ ਸੀਬੀਆਈ ਭਰਤੀ ਰੈਕੇਟ ਦੇ ਪਿੱਛੇ ਦੀ ਅਪਰਾਧਿਕ ਸਾਜ਼ਿਸ਼ ਦੀ ਜਾਂਚ ਕਰ ਰਹੀ ਹੈ ਅਤੇ ਈਡੀ ਘੁਟਾਲੇ ਨਾਲ ਜੁੜੇ ਕਥਿਤ ਅਪਰਾਧਿਕ ਪੈਸਿਆਂ ਦੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। -ਪੀਟੀਆਈ