ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Time line: ਪੌਣੀ ਸਦੀ ਦੌਰਾਨ ਭਾਰਤ-ਪਾਕਿ ਦਾ ਕਈ ਵਾਰ ਹੋਇਆ ਟਕਰਾਅ, ਜਾਣੋਂ ਕਦੋਂ

ਨਵੀਂ ਦਿੱਲੀ, 7 ਮਈ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ, ਜਿਸ ਵਿੱਚ ਬਹਾਵਲਪੁਰ ਵੀ ਸ਼ਾਮਲ ਹੈ, ਜਿਸ ਨੂੰ ਜੈਸ਼-ਏ-ਮੁਹੰਮਦ ਦਹਿਸ਼ਤੀ ਸਮੂਹ ਦਾ ਮੁੱਖ ਗੜ੍ਹ ਮੰਨਿਆ ਜਾਂਦਾ ਹੈ। ਇਸ ਹਮਲੇ, ਜਿਸ...
ਸੰਕੇਤਕ ਤਸਵੀਰ
Advertisement

ਨਵੀਂ ਦਿੱਲੀ, 7 ਮਈ

ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ, ਜਿਸ ਵਿੱਚ ਬਹਾਵਲਪੁਰ ਵੀ ਸ਼ਾਮਲ ਹੈ, ਜਿਸ ਨੂੰ ਜੈਸ਼-ਏ-ਮੁਹੰਮਦ ਦਹਿਸ਼ਤੀ ਸਮੂਹ ਦਾ ਮੁੱਖ ਗੜ੍ਹ ਮੰਨਿਆ ਜਾਂਦਾ ਹੈ। ਇਸ ਹਮਲੇ, ਜਿਸ ਦਾ ਦਾ ਕੋਡ-ਨੇਮ ‘ਆਪ੍ਰੇਸ਼ਨ ਸਿੰਦੂਰ’ ਹੈ, ਪਹਿਲਗਾਮ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਕੀਤਾ ਗਿਆ ਹੈ। ਇਹ ਹਮਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਫੌਜੀ ਤਣਾਅ ਵਿੱਚ ਇੱਕ ਹੋਰ ਅਧਿਆਇ ਦੀ ਨਿਸ਼ਾਨਦੇਹੀ ਕਰਦਾ ਹੈ।

Advertisement

ਭਾਰਤ-ਪਾਕਿ ਫੌਜੀ ਟਕਰਾਅ ਦਾ ਇਤਿਹਾਸ ਭਾਰਤ ਦੀ ਆਜ਼ਾਦੀ ਅਤੇ ਉਪ-ਮਹਾਂਦੀਪ ਦੀ ਵੰਡ ਤੋਂ ਬਾਅਦ 1947 ਦੀ ਜੰਗ ਤੋਂ ਸ਼ੁਰੂ ਹੁੰਦਾ ਹੈ, ਜੋ ਪੁਲਵਾਮਾ ਫ਼ਿਦਾਈਨ ਹਮਲੇ ਖਿਲਾਫ਼ ਭਾਰਤ ਦੇ 2019 ਦੇ ਬਾਲਾਕੋਟ ਸਰਜੀਕਲ ਸਟ੍ਰਾਈਕ ਤੱਕ ਫੈਲਿਆ ਹੋਇਆ ਹੈ।

1947 (ਪਹਿਲਾ ਭਾਰਤ-ਪਾਕਿ ਜੰਗ): ਇਹ ਜੰਗ, ਜਿਸ ਨੂੰ ਪਹਿਲੀ ਕਸ਼ਮੀਰ ਜੰਗ ਵੀ ਕਿਹਾ ਜਾਂਦਾ ਹੈ, ਨਵੇਂ ਆਜ਼ਾਦ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਉਸ ਸਮੇਂ ਦੀ ਰਿਆਸਤ ਜੰਮੂ ਅਤੇ ਕਸ਼ਮੀਰ ਨੂੰ ਲੈ ਕੇ ਸ਼ੁਰੂ ਹੋਈ ਸੀ। ਇਹ ਜੰਗ ਅਕਤੂਬਰ 1947 ਵਿੱਚ ਸ਼ੁਰੂ ਹੋਈ ਸੀ ਜਦੋਂ ਪਾਕਿਸਤਾਨ-ਹਮਾਇਤੀ ਕਬਾਇਲੀ ਮਿਲੀਸ਼ੀਆ ਨੇ ਰਿਆਸਤ ’ਤੇ ਹਮਲਾ ਕੀਤਾ ਸੀ। ਜਵਾਬ ਵਿੱਚ, ਮਹਾਰਾਜਾ ਹਰੀ ਸਿੰਘ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਤੋਂ ਬਾਅਦ, ਭਾਰਤ ਨੇ ਇਸ ਖੇਤਰ ਦੀ ਰੱਖਿਆ ਲਈ ਆਪਣੀਆਂ ਫੌਜਾਂ ਭੇਜੀਆਂ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਹੋਇਆ।

ਇਹ ਟਕਰਾਅ ਜਨਵਰੀ 1949 ਤੱਕ ਜਾਰੀ ਰਿਹਾ, ਜਦੋਂ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਜੰਗਬੰਦੀ ਲਾਗੂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਕੰਟਰੋਲ ਰੇਖਾ (LoC) ਦੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਦੀ ਵੰਡ ਹੋ ਗਈ।

1965 (ਦੂਜੀ ਭਾਰਤ-ਪਾਕਿ ਜੰਗ): 5 ਅਗਸਤ, 1965 ਨੂੰ ਕਸ਼ਮੀਰ ਉੱਤੇ ਹਥਿਆਰਬੰਦ ਟਕਰਾਅ ਸ਼ੁਰੂ ਹੋਇਆ। ਇਹ ਉਦੋਂ ਸ਼ੁਰੂ ਹੋਇਆ ਜਦੋਂ ਹਜ਼ਾਰਾਂ ਪਾਕਿਸਤਾਨੀ ਸੈਨਿਕ, ਸਥਾਨਕ ਵਿਦਰੋਹੀਆਂ ਦੇ ਭੇਸ ਵਿੱਚ, ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਪਾਰ ਭਾਰਤੀ ਖੇਤਰ ਵਿੱਚ ਘੁਸਪੈਠ ਕਰ ਗਏ।

ਗੁਪਤ ਕਾਰਵਾਈ, ਜਿਸ ਨੂੰ ‘ਆਪ੍ਰੇਸ਼ਨ ਜਿਬਰਾਲਟਰ’ ਵਜੋਂ ਜਾਣਿਆ ਜਾਂਦਾ ਹੈ, ਦਾ ਮੰਤਵ ਖੇਤਰ ਨੂੰ ਅਸਥਿਰ ਕਰਨਾ ਅਤੇ ਸਥਾਨਕ ਵਿਦਰੋਹਾਂ ਨੂੰ ਭੜਕਾਉਣਾ ਸੀ। ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਫੌਜੀ ਜਵਾਬੀ ਹਮਲਾ ਸ਼ੁਰੂ ਕੀਤਾ, ਜੋ ਕੌਮਾਂਤਰੀ ਸਰਹੱਦ ’ਤੇ ਪੂਰੀ ਵੱਡੀ ਲੜਾਈ ਵਿੱਚ ਬਦਲ ਗਿਆ। ਇਹ ਜੰਗ 23 ਸਤੰਬਰ, 1965 ਤੱਕ ਜਾਰੀ ਰਹੀ, ਜਦੋਂ ਦੋਵੇਂ ਧਿਰਾਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੀ ਵਿਚੋਲਗੀ ਨਾਲ ਜੰਗਬੰਦੀ ਲਈ ਸਹਿਮਤ ਹੋ ਗਈਆਂ।

1971 (ਬੰਗਲਾਦੇਸ਼ ਮੁਕਤੀ ਜੰਗ): 1971 ਦੀ ਭਾਰਤ-ਪਾਕਿਸਤਾਨ ਜੰਗ ਪਾਕਿਸਤਾਨੀ ਫੌਜ ਵੱਲੋਂ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ’ਤੇ ਕਾਰਵਾਈ ਅਤੇ ਆਜ਼ਾਦੀ ਦੀ ਮੰਗ ਕਾਰਨ ਸ਼ੁਰੂ ਹੋਈ ਸੀ। ਭਾਰਤ ਬੰਗਲਾਦੇਸ਼ੀ ਆਜ਼ਾਦੀ ਅੰਦੋਲਨ ਦੇ ਸਮਰਥਨ ਵਿੱਚ ਜੰਗ ਵਿੱਚ ਸ਼ਾਮਲ ਹੋਇਆ, ਅਤੇ ਪੂਰਬੀ ਅਤੇ ਪੱਛਮੀ ਦੋਵਾਂ ਮੋਰਚਿਆਂ ’ਤੇ ਤਿੱਖੀ ਲੜਾਈ ਤੋਂ ਬਾਅਦ, ਪਾਕਿਸਤਾਨ ਦੀਆਂ ਫੌਜਾਂ ਨੇ 16 ਦਸੰਬਰ, 1971 ਨੂੰ ਆਤਮ ਸਮਰਪਣ ਕਰ ਦਿੱਤਾ। ਇਸ ਜੰਗ ਨੇ ਬੰਗਲਾਦੇਸ਼ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਸਿਰਜਿਆ।

1999 (ਕਾਰਗਿਲ ਜੰਗ): 1999 ਦੀ ਕਾਰਗਿਲ ਜੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਡਾ ਟਕਰਾਅ ਸੀ, ਜੋ ਮਈ ਤੋਂ ਜੁਲਾਈ ਤੱਕ ਪਾਕਿਸਤਾਨੀ ਫੌਜਾਂ ਅਤੇ ਅਤਿਵਾਦੀਆਂ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ ਚੋਟੀਆਂ ’ਤੇ ਕਬਜ਼ਾ ਕੀਤੇ ਜਾਣ ਕਰਕੇ ਸ਼ੁਰੂ ਹੋਇਆ ਸੀ। ਭਾਰਤ ਨੇ ਹਵਾਈ ਸੈਨਾ ਸਬੰਧਤ ਖੇਤਰ ਨੂੰ ਮੁੜ ਪ੍ਰਾਪਤ ਕਰਨ ਲਈ 'ਆਪ੍ਰੇਸ਼ਨ ਵਿਜੇ' ਸ਼ੁਰੂ ਕੀਤਾ। ਇਹ ਜੰਗ 26 ਜੁਲਾਈ ਨੂੰ ਭਾਰਤ ਦੇ ਕੰਟਰੋਲ ਮੁੜ ਹਾਸਲ ਕਰਨ ਨਾਲ ਖਤਮ ਹੋਈ। ਇਸ ਦਿਨ ਨੂੰ ਹੁਣ ‘ਕਾਰਗਿਲ ਵਿਜੈ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

2016 (ਉੜੀ ਹਮਲਾ): 18 ਸਤੰਬਰ, 2016 ਨੂੰ ਜੰਮੂ-ਕਸ਼ਮੀਰ ਦੇ ਉੜੀ ਵਿੱਚ ਭਾਰਤੀ ਫੌਜ ਦੇ ਅੱਡੇ ’ਤੇ ਅਤਿਵਾਦੀ ਹਮਲੇ, ਜਿਸ ਵਿੱਚ 19 ਫੌਜੀ ਮਾਰੇ ਗਏ ਸਨ, ਮਗਰੋਂ ਭਾਰਤ ਨੇ 28-29 ਸਤੰਬਰ ਨੂੰ ਕੰਟਰੋਲ ਰੇਖਾ ਦੇ ਪਾਰ ਇੱਕ ਸਰਜੀਕਲ ਸਟ੍ਰਾਈਕ ਕੀਤੀ। ਭਾਰਤੀ ਫੌਜ ਨੇ ਪੀਓਕੇ ਵਿੱਚ ਕਈ ਅਤਿਵਾਦੀ ਲਾਂਚ ਪੈਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੁਸਪੈਠ ਦੀ ਤਿਆਰੀ ਕਰ ਰਹੇ ਅਤਿਵਾਦੀਆਂ ਦਾ ਕਾਫ਼ੀ ਜਾਨੀ ਮਾਲੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ।

2019 (ਪੁਲਵਾਮਾ ਹਮਲਾ): 26 ਫਰਵਰੀ, 2019 ਨੂੰ, ਭਾਰਤੀ ਹਵਾਈ ਫੌਜ ਨੇ ਪੁਲਵਾਮਾ ਅਤਿਵਾਦੀ ਹਮਲੇ, ਜਿਸ ਵਿਚ ਸੀਆਰਪੀਐੱਫ ਦੇ 40 ਜਵਾਨ ਮਾਰੇ ਗਏ ਸਨ, ਦੇ ਜਵਾਬ ਵਿੱਚ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ (ਜੇਈਐਮ) ਦੇ ਅਤਿਵਾਦੀ ਸਿਖਲਾਈ ਕੈਂਪ ’ਤੇ ਹਵਾਈ ਹਮਲੇ ਕੀਤੇ ਗਏ। ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦੇ ਹੋਏ, ਭਾਰਤ ਨੇ ਪਾਕਿਸਤਾਨੀ ਖੇਤਰ ਦੇ ਅੰਦਰ ਕੈਂਪ ਨੂੰ ਨਿਸ਼ਾਨਾ ਬਣਾਇਆ, ਜੋ 1971 ਦੀ ਜੰਗ ਤੋਂ ਬਾਅਦ ਪਹਿਲਾ ਅਜਿਹਾ ਹਵਾਈ ਹਮਲਾ ਸੀ। -ਪੀਟੀਆਈ

Advertisement
Tags :
latest newsOperation SindootPunjabi Tribune
Show comments