ਵਿਦੇਸ਼ਾਂ ’ਚ ਬੈਠੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦਾ ਸਮਾਂ ਆਇਆ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ’ਚ ਨਸ਼ਿਆਂ ਦਾ ਕਾਰੋਬਾਰ ਚਲਾਉਣ ਵਾਲਿਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ’ਚੋਂ ਹਰ ਤਰ੍ਹਾਂ ਦੇ ਨਸ਼ੇ ਜੜ੍ਹੋਂ ਖ਼ਤਮ ਕਰਨ ਲਈ ਦ੍ਰਿੜ੍ਹ ਹੈ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਨਸ਼ਾ ਵਿਰੋਧੀ ਟਾਸਕ ਫੋਰਸਾਂ (ਏ ਐੱਨ ਟੀ ਐੱਫ) ਦੇ ਮੁਖੀਆਂ ਦੀ ਦੂਜੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਨ ਦੀਆਂ ਦੁਕਾਨਾਂ ਜਾਂ ਖੋਖਿਆਂ ’ਤੇ ‘ਪੁੜੀਆਂ’ (ਛੋਟੇ ਪੈਕੇਟਾਂ) ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਾਹ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਤਿਕੋਣੀ ਰਣਨੀਤੀ ਅਪਣਾਉਣੀ ਪਵੇਗੀ। ਉਨ੍ਹਾਂ ਕਿਹਾ, ‘ਨਸ਼ਿਆਂ ਦੀ ਸਪਲਾਈ ਤੋੜਨ ਲੜੀ ਬੇਰਹਿਮ ਪਹੁੰਚ, ਮੰਗ ਘਟਾਉਣ ਲਈ ਰਣਨੀਤਕ ਪਹੁੰਚ ਅਤੇ ਨੁਕਸਾਨ ਘਟਾਉਣ ਲਈ ਮਨੁੱਖੀ ਪਹੁੰਚ ਹੋਣੀ ਚਾਹੀਦੀ ਹੈ। ਏ ਐੱਨ ਟੀ ਐੱਫ ਨੂੰ ਇਨ੍ਹਾਂ ਤਿੰਨਾਂ ਪਹੁੰਚਾਂ ਤਹਿਤ ਅੱਗੇ ਵਧਣਾ ਚਾਹੀਦਾ ਹੈ।’
ਕੇਂਦਰੀ ਮੰਤਰੀ ਨੇ ਕਿਹਾ ਕਿ ਵਿਦੇਸ਼ ਵਿੱਚ ਬੈਠ ਕੇ ਭਾਰਤ ’ਚ ਨਸ਼ਿਆਂ ਦਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ, ‘ਸੀ ਬੀ ਆਈ ਨੇ ਇਸ ਲਈ ਬਹੁਤ ਵਧੀਆ ਕੰਮ ਕੀਤਾ ਹੈ। ਮੈਂ ਏ ਐੱਨ ਟੀ ਐੱਫ ਦੇ ਮੁਖੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੀ ਬੀ ਆਈ ਦੀ ਮਦਦ ਨਾਲ ਭਗੌੜਿਆਂ ਦੀ ਹਵਾਲਗੀ ਦਾ ਪ੍ਰਬੰਧ ਕਰਨ। ਇਸ ਨਾਲ ਨਾ ਸਿਰਫ਼ ਨਸ਼ਾ ਤਸਕਰਾਂ ਦੇ ਗਰੋਹਾਂ, ਸਗੋਂ ਅਤਿਵਾਦੀ ਜਥੇਬੰਦੀਆਂ ਨੂੰ ਤੋੜਨ ਵਿੱਚ ਵੀ ਮਦਦ ਮਿਲੇਗੀ।’ ਉਨ੍ਹਾਂ ਕਿਹਾ ਕਿ ਪਿਛਲੀ ਯੂ ਪੀ ਏ ਸਰਕਾਰ ਦੇ ਕਾਰਜਕਾਲ ਦੌਰਾਨ 40,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਦਕਿ ਐੱਨ ਡੀ ਏ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ 1,65,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜੋ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ, ‘ਪਰ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਸਿਰਫ਼ ਅੰਕੜੇ ਤਿਆਰ ਕਰਨਾ ਸਾਡਾ ਟੀਚਾ ਨਹੀਂ ਹੈ। ਸਾਡਾ ਟੀਚਾ ਅਜਿਹਾ ਭਾਰਤ ਬਣਾਉਣਾ ਹੈ, ਜਿੱਥੇ ਅਜਿਹੇ ਅੰਕੜੇ ਬਣਾਉਣ ਦੀ ਲੋੜ ਹੀ ਨਾ ਪਵੇ।’