ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਮੈਕਲੋਡਗੰਜ ਪਰਤੇ
ਭਾਰਤੀ ਹਵਾਈ ਅੱਡਾ ਅਥਾਰਟੀ ਦੇ ਗੱਗਲ (ਕਾਂਗੜਾ) ਹਵਾਈ ਅੱਡੇ ਦੇ ਡਾਇਰੈਕਟਰ ਧੀਰੇਂਦਰ ਸ਼ਾਸ਼ਤਰੀ ਨੇ ਪੁਸ਼ਟੀ ਕੀਤੀ ਕਿ ਦਲਾਈ ਲਾਮਾ Dalai Lama ਦੀ ਉਡਾਣ ਦਿੱਲੀ ਤੋਂ ਅੱਜ ਸਵੇਰੇ 11.30 ਵਜੇ ਰਵਾਨਾ ਹੋਈ ਸੀ। ਉਹ ਲੇਹ-ਲੱਦਾਖ ’ਚ ਲਗਪਗ ਡੇਢ ਮਹੀਨਾ ਬਿਤਾਉਣ ਮਗਰੋਂ ਘਰ ਪਰਤੇ ਹਨ।
ਦਲਾਈ ਲਾਮਾ ਦਾ ਪਹਿਲਾਂ ਸੋਮਵਾਰ ਨੂੰ ਵਾਪਸ ਆਉਣ ਦਾ ਪ੍ਰੋਗਰਾਮ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਦਾ ਪ੍ਰੋਗਰਾਮ ਮੁੜ ਤੈਅ ਕਰਨ ਦੀ ਸਲਾਹ ਦਿੱਤੀ ਗਈ ਸੀ।
ਬੋਧੀ ਅਧਿਆਤਮਕ ਆਗੂ ਵੀਰਵਾਰ ਨੂੰ ਲੇਹ ਤੋਂ ਦਿੱਲੀ ਪੁੱਜੇ ਸਨ। ਕੌਮੀ ਰਾਜਧਾਨੀ ’ਚ ਆਪਣੀ ਠਹਿਰ ਦੌਰਾਨ ਉਹ ਦਿੱਲੀ ਦੇ ਇੱਕ ਹਸਪਤਾਲ ’ਚ ਮੈਡੀਕਲ ਜਾਂਚ ਲਈ ਵੀ ਗਏ। ਇਹ ਉਨ੍ਹਾਂ ਦੀ ਉੱਚ ਪਹਾੜੀ ਇਲਾਕੇ ’ਚ ਪਰਤਣ ਤੋਂ ਪਹਿਲਾਂ ਹੋਣ ਵਾਲੀ ਰੂਟੀਨ ਜਾਂਚ ਸੀ।
ਦੱਸਣਯੋਗ ਹੈ ਕਿ ਧਰਮਸ਼ਾਲਾ ’ਚ 6 ਜੁਲਾਈ ਨੂੰ ਆਪਣਾ ਜਨਮ ਦਿਨ ਮਨਾਉਣ ਮਗਰੋਂ ਦਲਾਈ ਲਾਮਾ 12 ਜੁਲਾਈ ਨੂੰ ਹਵਾਈ ਰਸਤੇ ਲੇਹ ਲਈ ਰਵਾਨਾ ਹੋ ਗਏ ਸਨ। ਲੱਦਾਖ ’ਚ ਆਪਣੀ ਠਹਿਰ ਦੌਰਾਨ ਉਹ ਜੰਸਕਾਰ Zanskar ਵੀ ਗਏ ਜਿੱਥੇ ਉਨ੍ਹਾਂ ਨੇ KarGön Mega Summer Symposium ਦਾ ਉਦਘਾਟਨ ਕੀਤਾ ਅਤੇ Zanskar Mönlam Chörten ਦੀ ਨੀਂਹ ਪੱਥਰ ਰੱਖਿਆ ਸੀ। ਉਥੇ ਉਨ੍ਹਾਂ ਨੇ 21,000 ਤੋਂ ਵੱਧ ਸ਼ਰਧਾਲੂਆਂ ਨੂੰ ਉਪਦੇਸ਼ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਲੇਹ ਨਵੇਂ Jokhang Temple ਮੰਦਰ ਦਾ ਨੀਂਹ ਪੱਥਰ ਵੀ ਰੱਖਿਆ ਸੀ।