ਇੰਦੌਰ ਵਿਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ; 2 ਮੌਤਾਂ,12 ਜ਼ਖ਼ਮੀ
Building collapse in Indore ਇਥੇ ਰਾਣੀਪੁਰਾ ਇਲਾਕੇ ਵਿਚ ਸੋਮਵਾਰ ਰਾਤੀਂ ਮੀਂਹ ਦੌਰਾਨ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਦੋਂਕਿ 12 ਹੋਰ ਜ਼ਖ਼ਮੀ ਦੱਸ ਜਾਂਦੇ ਹਨ। ਜ਼ਿਲ੍ਹਾ ਕੁਲੈਕਟਰ ਸ਼ਿਵਮ ਵਰਮਾ ਨੇ ਦੱਸਿਆ ਕਿ ਇਕ ਪਰਿਵਾਰ ਦੇ 14 ਜੀਅ ਇਮਾਰਤ ਦੇ ਮਲਬੇ ਹੇਠ ਫਸੇ ਗਏ। ਇਨ੍ਹਾਂ ਵਿਚੋਂ 12 ਜਣਿਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਮਹਾਰਾਜਾ ਯਸ਼ਵੰਤਰਾਓ ਸਰਕਾਰੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਮਾਰੇ ਗਏ ਦੋ ਜਣਿਆਂ ਦੀ ਪਛਾਣ ਅਲੀਫ਼ਾ ਤੇ ਫਾਹੀਮ ਵਜੋਂ ਹੋਈ ਹੈ।
ਮਹਾਤਮਾ ਗਾਂਧੀ ਮੈਮੋਰੀਅਲ ਮੈਡੀਲ ਕਾਲਜ ਦੇ ਡੀਨ ਡਾ.ਅਰਵਿੰਦ ਘੰਗੋਰੀਆ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਲੀਫ਼ਾ (20), ਜੋ ਇਮਾਰਤ ਦੇ ਮਲਬੇ ਹੇਠ ਦੱਬ ਗਈ ਸੀ, ਨੂੰ ਮਹਾਰਾਜ਼ਾ ਯਸ਼ਵੰਤ ਰਾਓ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਪਿਛਲੇ ਪੰਜ ਘੰਟਿਆਂ ਤੋਂ ਜਾਰੀ ਰਾਹਤ ਤੇ ਬਚਾਅ ਕਾਰਜ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ, ‘‘ਇਮਾਰਤ ਦਾ ਮੂਹਰਲਾ ਹਿੱਸਾ ਨਵੇਂ ਸਿਰੇ ਤੋਂ ਬਣਾਇਆ ਗਿਆ ਸੀ ਜਦੋਂਕਿ ਪਿਛਲਾ ਹਿੱਸਾ ਪੁਰਾਣਾ ਸੀ। ਅਸੀਂ ਇਮਾਰਤ ਦੀ ਹਾਲਤ ਬਾਰੇ ਜਾਂਚ ਕਰਾਂਗੇ।’’ ਮੇਅਰ ਪੁਸ਼ਿਆਮਿੱਤਰਾ ਭਾਰਗਵ ਨੇ ਕਿਹਾ ਕਿ ਇਮਾਰਤ ਦਾ ਇਕ ਹਿੱਸਾ ਨਾਲ ਦੀ ਇਮਾਰਤ ’ਤੇ ਡਿੱਗ ਗਿਆ। ਮੁੱਢਲੀ ਜਾਂਚ ਮੁਤਾਬਕ ਇਮਾਰਤ ਅੱਠ ਤੋਂ ਦਸ ਸਾਲ ਪੁਰਾਣੀ ਸੀ।