ਸਿਆਚਿਨ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਜਵਾਨ ਸ਼ਹੀਦ
ਲੱਦਾਖ ਦੇ ਸਿਆਚਿਨ ਬੇਸ ਕੈਂਪ ’ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਭਾਰਤੀ ਫੌਜ ਦੀ ਮਹਾਰ ਰੈਜੀਮੈਂਟ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚੋਂ ਦੋ ਅਗਨੀਵੀਰ ਸਨ। ਇਸ ਦੌਰਾਨ ਪੰਜ ਘੰਟੇ ਦੇ ਕਰੀਬ ਬਰਫ ਵਿੱਚ ਹੇਠਾਂ ਫਸੇ ਰਹੇ ਕੈਪਟਨ ਨੂੰ ਬਚਾਅ ਲਿਆ ਗਿਆ। ਇਹ ਘਟਨਾ ਸੋਮਵਾਰ ਸਵੇਰੇ ਵਾਪਰੀ, ਜਿਸ ਤੋਂ ਬਾਅਦ ਬਾਅਦ ਜ਼ਖ਼ਮੀਆਂ ਅਤੇ ਬਰਫ਼ ਵਿੱਚ ਫਸੇ ਜਵਾਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਖ਼ਰਾਬ ਮੌਸਮ ਕਾਰਨ ਬਚਾਅ ਲਈ ਭੇਜੇ ਗਏ ਹੈਲੀਕਾਪਟਰ ਨੂੰ ਉੱਥੇ ਪਹੁੰਚਣ ਵਿੱਚ ਦੇਰੀ ਹੋਈ।
ਭਾਰਤੀ ਫੌਜ ਦੇ ਫਾਇਰ ਐਂਡ ਫਿਊਰੀ ਕੋਰ ਨੇ ਇਸ ਬਾਰੇ ਐਕਸ ’ਤੇ ਕਿਹਾ, ‘ਜੀਓਸੀ, ਫਾਇਰ ਐਂਡ ਫਿਊਰੀ ਕੋਰ ਅਤੇ ਸਾਰੇ ਰੈਂਕ ਦੇ ਸਿਪਾਹੀ 9 ਸਤੰਬਰ ਨੂੰ ਸਿਆਚਿਨ ਵਿੱਚ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਮੋਹਿਤ ਕੁਮਾਰ, ਅਗਨੀਵੀਰ ਨੀਰਜ ਕੁਮਾਰ ਚੌਧਰੀ ਅਤੇ ਅਗਨੀਵੀਰ ਡਾਬੀ ਰਾਕੇਸ਼ ਦੇਵਭਾਈ ਨੂੰ ਸਲਾਮ ਕਰਦੇ ਹਨ। ਅਸੀਂ ਇਸ ਦੁੱਖ ਦੀ ਘੜੀ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।’
ਰਾਹਤ ਕਰਮੀਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇੱਕ ਕੈਪਟਨ ਨੂੰ ਘਟਨਾ ਵਾਲੀ ਥਾਂ ਤੋਂ ਬਚਾਅ ਲਿਆ ਗਿਆ, ਜਦਕਿ ਤਿੰਨ ਜਵਾਨ ਬਹੁਤ ਜ਼ਿਆਦਾ ਠੰਢ ਕਾਰਨ ਸ਼ਹੀਦ ਹੋ ਗਏ। ਉਨ੍ਹਾਂ ਦੀਆਂ ਲਾਸ਼ਾਂ ਅੱਜ ਬਰਾਮਦ ਕੀਤੀਆਂ ਗਈਆਂ ਹਨ। ਸੂਤਰਾਂ ਨੇ ਦੱਸਿਆ ਕਿ ਨੋਇਡਾ ਦਾ ਰਹਿਣ ਵਾਲਾ ਕੈਪਟਨ ਘੱਟੋ-ਘੱਟ ਪੰਜ ਘੰਟੇ ਬਰਫ਼ ਹੇਠਾਂ ਫਸਿਆ ਰਿਹਾ ਪਰ ਉਸ ਦੀ ਜਾਨ ਬਚ ਗਈ।
ਮੋਹਿਤ (25) ਉੱਤਰ ਪ੍ਰਦੇਸ਼ ਦੇ ਔਰਈਆ ਤਹਿਸੀਲ ਦਾ ਰਹਿਣ ਵਾਲਾ ਸੀ। ਇਸੇ ਤਰ੍ਹਾਂ ਡਾਬੀ (22) ਗੁਜਰਾਤ ਦੇ ਜੂਨਾਗੜ੍ਹ ਅਤੇ ਨੀਰਜ ਝਾਰਖੰਡ ਦੇ ਦਿਓਗੜ੍ਹ ਦਾ ਰਹਿਣ ਵਾਲਾ ਸੀ। ਜ਼ਿਕਰਯੋਗ ਹੈ ਕਿ ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਖੇਤਰ ਹੈ, ਜੋ ਭਾਰਤ, ਪਾਕਿਸਤਾਨ ਅਤੇ ਚੀਨ ਦੇ ਪ੍ਰਮਾਣੂ ਟ੍ਰਾਈ-ਜੰਕਸ਼ਨ ’ਤੇ ਸਥਿਤ ਹੈ।
ਦੇਸ਼ ਹਮੇਸ਼ਾ ਸ਼ਹੀਦਾਂ ਦਾ ਰਿਣੀ ਰਹੇਗਾ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਲੱਦਾਖ ਦੇ ਸਿਆਚਿਨ ਵਿੱਚ ਬਰਫ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਤਿੰਨ ਜਵਾਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਿਯੰਕਾ ਨੇ ਐਕਸ ’ਤੇ ਕਿਹਾ ‘ਲੱਦਾਖ ਦੇ ਸਿਆਚਿਨ ’ਚ ਗਸ਼ਤ ਦੌਰਾਨ ਬਰਫ ਦੇ ਤੋਦੇ ਡਿੱਗਣ ਕਾਰਨ ਸਾਡੇ ਬਹਾਦਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਬਹੁਤ ਦੁਖਦਾਈ ਹੈ।
ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ੇ। ਦੇਸ਼ ਹਮੇਸ਼ਾ ਸਾਡੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਰਿਣੀ ਰਹੇਗਾ।’ -ਏਐੱਨਆਈ