ਕਰਨਾਟਕ ਵਿੱਚ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ
ਕਰਨਾਟਕ ਦੇ ਮੰਗਲੁਰੂ ਵਿੱਚ ਦੋ ਟੈਂਕਰਾਂ, ਇੱਕ ਆਟੋਰਿਕਸ਼ਾ ਅਤੇ ਇੱਕ ਐਸਯੂਵੀ (SUV) ਦੇ ਇੱਕ-ਦੂਜੇ ਨਾਲ ਟਕਰਾਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਸ਼ਨੀਵਾਰ ਸਵੇਰੇ ਲਗਭਗ 11.15 ਵਜੇ ਪਨਾਮਬੂਰ ਚੌਕ ’ਤੇ ਹੋਇਆ।
ਪੁਲੀਸ ਅਨੁਸਾਰ, ਮੁਲਕੀ ਤੋਂ ਮੰਗਲੁਰੂ ਆ ਰਹੇ ਇੱਕ ਗੈਸ ਟੈਂਕਰ ਨੂੰ ਅਚਾਨਕ ਬ੍ਰੇਕ ਲਗਾਉਣੀ ਪਈ ਕਿਉਂਕਿ ਇੱਕ ਗਾਂ ਅਚਾਨਕ ਸੜਕ ਪਾਰ ਕਰਨ ਲੱਗ ਪਈ ਸੀ। ਮੁੱਢਲੀ ਜਾਂਚ ਦੇ ਹਵਾਲੇ ਨਾਲ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੈਂਕਰ ਦੇ ਪਿੱਛੇ ਚੱਲ ਰਿਹਾ ਆਟੋ ਰਿਕਸ਼ਾ ਸਮੇਂ 'ਤੇ ਰੁਕ ਗਿਆ ਅਤੇ ਉਸ ਦੇ ਪਿੱਛੇ ਚੱਲ ਰਹੀ ਐਸਯੂਵੀ ਕਾਰ ਵੀ ਰੁਕ ਗਈ।
ਹਾਲਾਂਕਿ, ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਦੂਜਾ ਟੈਂਕਰ ਬ੍ਰੇਕ ਲਗਾਉਣ ਵਿੱਚ ਅਸਫਲ ਰਿਹਾ ਅਤੇ ਸਿੱਧਾ ਐਸਯੂਵੀ ਨਾਲ ਟਕਰਾ ਗਿਆ।ਇਸ ਟੱਕਰ ਕਾਰਨ ਐਸਯੂਵੀ ਸੜਕ ਦੇ ਖੱਬੇ ਪਾਸੇ ਧੱਕੀ ਗਈ ਅਤੇ ਦੋਹਾਂ ਟੈਂਕਰਾਂ ਵਿਚਕਾਰ ਆਟੋ ਰਿਕਸ਼ਾ ਫਸ ਗਿਆ।
ਪੁਲੀਸ ਨੇ ਦੱਸਿਆ ਕਿ ਆਟੋ ਰਿਕਸ਼ਾ ਚਾਲਕ ਅਤੇ ਉਸ ਵਿੱਚ ਸਵਾਰ ਦੋ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਸਮੇਂ ਸੜਕ ’ਤੇ ਵਿਜ਼ੀਬਿਲਟੀ ਸਪੱਸ਼ਟ ਸੀ ਅਤੇ ਆਵਾਜਾਈ ਆਮ ਸੀ। ਜਾਂਚਕਰਤਾ ਇਹ ਪਤਾ ਲਗਾ ਰਹੇ ਹਨ ਕਿ ਪਿੱਛੇ ਵਾਲੇ ਟੈਂਕਰ ਨੇ ਤੇਜ਼ ਰਫ਼ਤਾਰ ਜਾਂ ਬ੍ਰੇਕ ਫੇਲ੍ਹ ਹੋਣ ਕਾਰਨ ਕੰਟਰੋਲ ਗੁਆ ਦਿੱਤਾ ਸੀ ਜਾਂ ਨਹੀਂ। ਟੈਂਕਰ ਦੇ ਚਾਲਕ ਅਤੇ ਐਸਯੂਵੀ ਚਾਲਕ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।
ਮੰਗਲੁਰੂ-ਉਡਿਪੀ ਮੁੱਖ ਮਾਰਗ ’ਤੇ ਲਗਭਗ ਇੱਕ ਘੰਟੇ ਤੱਕ ਆਵਾਜਾਈ ਰੁਕੀ ਰਹੀ, ਕਿਉਂਕਿ ਖਰਾਬ ਹੋਏ ਵਾਹਨਾਂ ਨੂੰ ਹਟਾਉਣ ਲਈ ਕਰੇਨ ਲਗਾਈ ਗਈ ਸੀ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
