cough syrup ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ’ਚ ਤਿੰਨ ਅਧਿਕਾਰੀ ਮੁਅੱਤਲ
ਮੱਧ ਪ੍ਰਦੇਸ਼ ਸਰਕਾਰ ਨੇ ਛਿੰਦਵਾੜਾ ’ਚ ਸ਼ੱਕੀ ਤੌਰ ’ਤੇ ਕਿਡਨੀਆਂ ਖਰਾਬ ਹੋਣ ਕਾਰਨ 14 ਬੱਚਿਆਂ ਦੀ ਮੌਤ ਦੇ ਮਾਮਲੇ ’ਚ ਸੋਮਵਾਰ ਨੂੰ ਦੋ ਡਰੱਗ ਇੰਸਪੈਕਟਰਾਂ, ਖੁਰਾਕ ਤੇ ਦਵਾਈ ਪ੍ਰਸ਼ਾਸਨ ਨੇ ਡਿਪਟੀ ਡਾਇਰੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਇੱਕ ‘ਜ਼ਹਿਰੀਲੀ’ ਖੰਘ ਦੀ ਦਵਾਈ ਪੀਣ ਕਾਰਨ ਹੋਈ ਸੀ। ਮੁੱਖ ਮੰਤਰੀ ਮੋਹਨ ਯਾਦਵ ਨੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਰਾਜ ਦੇ ਡਰੱਗ ਕੰਟਰੋਲਰ ਦਿਨੇਸ਼ ਮੌਰਿਆ ਦਾ ਵੀ ਤਬਾਦਲ ਕਰ ਦਿੱਤਾ। ਮੁਅੱਤਲ ਡਰੱਗ ਇੰਸਪੈਕਟਰਾਂ ਦੀ ਪਛਾਣ ਗੌਰਵ ਸ਼ਰਮਾ ਅਤੇ ਸ਼ਰਦ ਕੁਮਾਰ ਜੈਨ ਵਜੋਂ ਹੋਈ ਹੈ ਜੋ ਕ੍ਰਮਵਾਰ ਛਿੰਦਵਾੜਾ ਤੇ ਜਬਲਪੁਰ ’ਚ ਤਾਇਨਾਤ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਅੱਤਲ ਡਿਪਟੀ ਡਾਇਰੈਕਟਰ ਦੀ ਪਛਾਣ ਸ਼ੋਭਿਤ ਕੋਸਟਾ ਵਜੋਂ ਹੋਈ ਹੈ। ਯਾਦਵ ਨੇ ਬਾਅਦ ਵਿੱਚ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਲਈ ਪਰਾਸੀਆ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। -ਪੀਟੀਆਈ