ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੁਲਾਈ
ਦਿੱਲੀ ਦੇ ਤਿੰਨ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਮਗਰੋਂ ਦਿੱਲੀ ਪੁਲੀਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਸਕੂਲਾਂ ਦੀ ਚੌਕਸੀ ਵਧਾ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਨੂੰ ਸਵੇਰੇ 8 ਵਜੇ ਦੇ ਕਰੀਬ ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਸੈਕਟਰ 16 ਦੇ ਸੀਆਰਪੀਐੱਫ ਸਕੂਲਾਂ ਦੇ ਨਾਲ-ਨਾਲ ਚਾਣਕਿਆਪੁਰੀ ਦੇ ਇੱਕ ਹੋਰ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਟੀਮਾਂ ਤੁਰੰਤ ਸਕੂਲ ਕੰਪਲੈਕਸਾਂ ਦੀ ਜਾਂਚ ਕਰਨ ਲਈ ਪਹੁੰਚੀਆਂ। ਐਮਰਜੈਂਸੀ ਸੇਵਾਵਾਂ ਤੁਰੰਤ ਚਾਲੂ ਕੀਤੀਆਂ ਗਈਆਂ ਅਤੇ ਸਬੰਧਤ ਸਕੂਲਾਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਥਾਨਕ ਪੁਲੀਸ, ਖੋਜੀ ਕੁੱਤੇ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਇਲਾਕੇ ਵਿੱਚ ਪਹੁੰਚੇ ਅਤੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ ਕਿ ਸਾਈਬਰ ਪੁਲੀਸ ਮਾਹਿਰ ਈਮੇਲ ਦੇ ਸਰੋਤ ਦਾ ਪਤਾ ਲਗਾ ਰਹੇ ਹਨ। ਪੁਲੀਸ ਨੂੰ ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਸੀ ਕਿ ਚਾਣਕਿਆਪੁਰੀ ਦੇ ਨੇਵੀ ਸਕੂਲ ਤੇ ਦਵਾਰਕਾ ਦੇ ਸੀਆਰਪੀਐੱਫ ਸਕੂਲ ਵਿੱਚ ਬੰਬ ਰੱਖਿਆ ਗਿਆ ਸੀ, ਜਿਸ ਕਾਰਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ। ਉਨ੍ਹਾਂ ਨੂੰ ਸਕੂਲ ’ਚੋਂ ਬਾਹਰ ਕੱਢਿਆ ਗਿਆ ਤੇ ਇਕ ਸੁਰੱਖਿਅਤ ਥਾਂ ’ਤੇ ਇਕੱਠਾ ਕੀਤਾ ਗਿਆ। ਦਿੱਲੀ ਅੱਗ ਬੁਝਾਊ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਟੈਂਡਰ ਵੀ ਸਕੂਲ ਭੇਜਿਆ ਗਿਆ ਸੀ। ਜਾਂਚ ਤੋਂ ਬਾਅਦ ਧਮਕੀਆਂ ਝੂਠੀਆਂ ਨਿਕਲੀਆਂ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਦਿੱਲੀ ਪੁਲੀਸ ਕੋਲ ਕਈ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਅਜਿਹੀਆਂ ਧਮਕੀ ਭਰੀਆਂ ਈ-ਮੇਲਾਂ ਆਉਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਉਧਰ ਅਜਿਹੀਆਂ ਧਮਕੀਆਂ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ ਮਈ ਮਹੀਨੇ ਵਿੱਚ ਸਕੂਲਾਂ ਨੂੰ ਇਨ੍ਹਾਂ ਨਾਲ ਸਿੱਝਣ ਲਈ 115 ਨੁਕਾਤੀ ਪ੍ਰਕਿਰਿਆ ਅਪਣਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ ਸਨ।