ਭਵਿੱਖ ’ਚ ਸ਼ਾਇਦ ਚੋਣਾਂ ਹੋਣ ਹੀ ਨਾ: ਪ੍ਰਿਯੰਕਾ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦੋਸ਼ ਲਾਇਆ ਕਿ ਐੱਨ ਡੀ ਏ ਵੋਟ ਚੋਰੀ ਰਾਹੀਂ ਬਿਹਾਰ ’ਚ ਸਰਕਾਰ ਬਣਾਉਣਾ ਚਾਹੁੰਦਾ ਹੈ ਅਤੇ ਦਾਅਵਾ ਕੀਤਾ ਕਿ ਐੱਸ ਆਈ ਆਰ ਦੌਰਾਨ ਮਹਿਲਾਵਾਂ ਸਣੇ 65 ਲੱਖ ਲੋਕਾਂ ਦੇ ਨਾਂ ਵੋਟਰ ਸੂਚੀ ’ਚੋਂ ਹਟਾ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਐੱਨ ਡੀ ਏ ਵੋਟਰ ਚੋਰੀ ’ਚ ਇਸ ਲਈ ਸ਼ਾਮਲ ਹੈ ਕਿਉਂਕਿ ਉਹ ਜਾਣਦਾ ਹੈ ਕਿ ਸੂਬੇ ਦੇ ਲੋਕ ਉਸ ਦੇ 20 ਸਾਲ ਦੇ ਕਾਰਜਕਾਲ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਪੱਛਮੀ ਚੰਪਾਰਨ ਜ਼ਿਲ੍ਹੇ ਦੇ ਵਾਲਮੀਕਿ ਨਗਰ ਤੇ ਚੰਪਤੀਆ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਦੇਸ਼ ’ਚ ਹਾਲਾਤ ਬਰਤਾਨਵੀ ਰਾਜ ਜਿਹੇ ਬਣੇ ਹੋਏ ਹਨ ਤੇ ਉਨ੍ਹਾਂ ਖਦਸ਼ਾ ਜਤਾਇਆ ਕਿ ਸ਼ਾਇਦ ਭਵਿੱਖ ’ਚ ਚੋਣਾਂ ਹੀ ਨਾ ਹੋਣ। ਉਨ੍ਹਾਂ ਕਿਹਾ, ‘‘ਮੇਰੇ ਭਰਾ ਰਾਹੁਲ ਨੇ ਹਰਿਆਣਾ ’ਚ ਹੋਈ ‘ਵੋਟ ਚੋਰੀ’ ਬਾਰੇ ਦੱਸਿਆ ਹੈ। ਐੱਨ ਡੀ ਏ ਸਭ ਕੁਝ ਤਬਾਹ ਕਰ ਦੇਵੇਗਾ। ਇਹ ਸਪੱਸ਼ਟ ਨਹੀਂ ਹੈ ਕਿ ਭਵਿੱਖ ’ਚ ਚੋਣਾਂ ਹੋਣਗੀਆਂ ਜਾਂ ਨਹੀਂ। ਤੁਸੀਂ ਖਾਮੋਸ਼ ਕਿਉਂ ਹੋ? ਉਨ੍ਹਾਂ ਨੂੰ ਸੱਤਾ ’ਚੋਂ ਬਾਹਰ ਕਰੋ।’’
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਅਪਰਾਧ ਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਅਤੇ ਨੌਜਵਾਨਾਂ ਦੀ ਸਿੱਖਿਆ ਦਾ ਫਿਕਰ ਕਰਨ ਨਾਲੋਂ ਵੱਧ ਇਸ ਗੱਲ ਦਾ ਫਿਕਰ ਹੈ ਕਿ ਕਾਂਗਰਸ ਦੇ ਪੋਸਟਰ ’ਚੋਂ ਆਰ ਜੇ ਡੀ ਆਗੂਆਂ ਤੇ ‘ਇੰਡੀਆ’ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ ਦੀ ਤਸਵੀਰ ਗਾਇਬ ਕਿਉਂ ਹੈ। ਜਦਕਿ ਮੋਦੀ ਖੁਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਿਆਸੀ ਰੈਲੀਆਂ ਦੌਰਾਨ ਮੰਚ ’ਤੇ ਆਪਣੇ ਨਾਲ ਨਹੀਂ ਰੱਖਦੇ। ਪ੍ਰਿਯੰਕਾ ਨੇ ਤਨਜ਼ ਕਸਦਿਆਂ ਕਿਹਾ ਕਿ ਐੱਨ ਡੀ ਏ ਨੂੰ ਬਿਹਾਰ ਦੇ ਨੌਜਵਾਨਾਂ ਦੇ ਭਵਿੱਖ ਨਾਲੋਂ ਰਾਹੁਲ ਗਾਂਧੀ ਤੇ ਤੇਜਸਵੀ ਯਾਦਵ ਦੇ ਭਵਿੱਖ ਦੀ ਵੱਧ ਫਿਕਰ ਹੈ। ਉਹ ਆਮ ਲੋਕਾਂ ਬਾਰੇ ਕਦੀ ਨਹੀਂ ਸੋਚਣਗੇ।
