ਮਹਾਰਾਸ਼ਟਰ ਮੰਤਰੀ ਮੰਡਲ ’ਚ 14 ਤੱਕ ਹੋ ਸਕਦੈ ਵਾਧਾ
ਮੁੰਬਈ, 11 ਦਸੰਬਰ
ਭਾਜਪਾ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੰਡਲ ਵਿੱਚ 14 ਦਸੰਬਰ ਤੱਕ ਵਾਧਾ ਹੋ ਸਕਦਾ ਹੈ। ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਫੜਨਵੀਸ ਅੱਜ ਦਿੱਲੀ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਦਿੱਲੀ ਫੇਰੀ ਹੈ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕਰਨਗੇ। ਭਾਜਪਾ ਆਗੂ ਨੇ ਦੱਸਿਆ ਕਿ ਸ਼ਿਵ ਸੈਨਾ ਨੂੰ ਗ੍ਰਹਿ ਵਿਭਾਗ ਨਹੀਂ ਮਿਲੇਗਾ ਅਤੇ ਮਾਲ ਵਿਭਾਗ ਦਿੱਤੇ ਜਾਣ ਦੀ ਵੀ ਸੰਭਾਵਨਾ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਤਿੰਨ ਪਾਰਟੀਆਂ (ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ) ਸ਼ਾਮਲ ਹੋਣ ਕਾਰਨ ਗੱਲਬਾਤ ਵਿੱਚ ਦੇਰੀ ਹੋ ਰਹੀ ਹੈ। ਭਾਜਪਾ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘14 ਦਸੰਬਰ ਤੱਕ ਮੰਤਰੀ ਮੰਡਲ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਸ਼ਿਵ ਸੈਨਾ ਨੂੰ ਗ੍ਰਹਿ ਵਿਭਾਗ ਦਿੱਤੇ ਜਾਣ ਦੀ ਸੰਭਾਵਨਾ ਨਹੀਂ ਹੈ। ਸ਼ਿਵ ਸੈਨਾ ਨੂੰ ਸ਼ਹਿਰੀ ਵਿਕਾਸ ਵਿਭਾਗ ਮਿਲ ਸਕਦਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਮੁੱਖ ਮੰਤਰੀ ਸਮੇਤ 21-22 ਮੰਤਰੀਆਂ ਦੇ ਅਹੁਦੇ ਰੱਖ ਸਕਦੀ ਹੈ। ਇਸ ਦੌਰਾਨ ਚਾਰ-ਪੰਜ ਮੰਤਰੀਆਂ ਦੀਆਂ ਸੀਟਾਂ ਖਾਲੀ ਰੱਖੀਆਂ ਜਾ ਸਕਦੀਆਂ ਹਨ। ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਕੌਮੀ ਰਾਜਧਾਨੀ ਨਹੀਂ ਜਾ ਰਹੇ। ਮਹਾਰਾਸ਼ਟਰ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 43 ਮੰਤਰੀ ਹੋ ਸਕਦੇ ਹਨ। -ਪੀਟੀਆਈ