ਭਾਜਪਾ ’ਚ 75 ਸਾਲ ਦੀ ਉਮਰ ’ਚ ਸੇਵਾਮੁਕਤੀ ਦਾ ਕੋਈ ਨਿਯਮ ਨਹੀਂ: ਬਾਵਨਕੁਲੇ
ਮੁੰਬਈ, 1 ਅਪਰੈਲ
ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਅੱਜ ਇੱਥੇ ਕਿਹਾ ਕਿ 75 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਬਾਰੇ ਪਾਰਟੀ ਵਿੱਚ ਕੋਈ ਨਿਯਮ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜਕਾਲ ਦੇਸ਼ ਦੇ ਲੋਕ ਤੈਅ ਕਰਨਗੇ। ਉਨ੍ਹਾਂ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਮੋਦੀ ਨੇ ਨਾਗਪੁਰ ਸਥਿਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁੱਖ ਦਫ਼ਤਰ ਵਿੱਚ ਜਾ ਕੇ ਦੱਸਿਆ ਹੈ ਕਿ ਉਹ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ ਇਸ ਬਿਆਨ ਨੂੰ ‘ਸਿਆਸੀ ਸਟੰਟ’ ਦੱਸਿਆ। ਉਨ੍ਹਾਂ ਐਕਸ ’ਤੇ ਕਿਹਾ, ‘ਭਾਜਪਾ ਵਿੱਚ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਮੋਦੀ ਨੂੰ 75 ਸਾਲ ਦੀ ਉਮਰ ਤੋਂ ਬਾਅਦ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ, ਅਤੇ ਨਾ ਹੀ ਅਜਿਹਾ ਕੋਈ ਫ਼ੈਸਲਾ ਲਿਆ ਗਿਆ ਹੈ।’ ਬੀਤੇ ਦਿਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਰਾਊਤ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ। ਬਾਵਨਕੁਲੇ ਨੇ ਕਿਹਾ ਕਿ ਭਾਰਤੀ ਸੰਵਿਧਾਨ ਵੀ ਅਜਿਹੀ ਕੋਈ ਪਾਬੰਦੀ ਨਹੀਂ ਲਾਉਂਦਾ।
ਉਨ੍ਹਾਂ ਕਿਹਾ, ‘ਸਾਬਕਾ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ 79 ਸਾਲ ਦੀ ਉਮਰ ਤੱਕ ਪ੍ਰਧਾਨ ਮੰਤਰੀ ਰਹੇ, ਜਦਕਿ ਮੋਰਾਰਜੀ ਦੇਸਾਈ (83) ਅਤੇ ਡਾ. ਮਨਮੋਹਨ ਸਿੰਘ (81) ਵੀ 75 ਸਾਲ ਦੀ ਉਮਰ ਤੋਂ ਬਾਅਦ ਤੱਕ ਇਸ ਅਹੁਦੇ ’ਤੇ ਰਹੇ।’ ਬਾਵਨਕੁਲੇ ਨੇ ਕਿਹਾ ਕਿ ਭਾਰਤੀ ਲੋਕਤੰਤਰ ਵਿੱਚ ਪ੍ਰਧਾਨ ਮੰਤਰੀ ਦਾ ਕਾਰਜਕਾਲ ਰਾਊਤ ਵਰਗੇ ਵਿਅਕਤੀ ਰਾਹੀਂ ਨਹੀਂ, ਸਗੋਂ ਚੋਣ ਫਤਵੇ ਅਤੇ ਲੋਕਾਂ ਦੇ ਸਮਰਥਨ ਰਾਹੀਂ ਤੈਅ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, ‘ਮੋਦੀ ਜੀ ਦਾ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਇਸ ਦੇਸ਼ ਦੇ ਲੋਕ ਤੈਅ ਕਰਨਗੇ, ਸੰਜੈ ਰਾਊਤ ਜਾਂ ਵਿਰੋਧੀ ਧਿਰ ਨਹੀਂ।’ -ਪੀਟੀਆਈ