ਰੂਸ ਤੋਂ ਤੇਲ ਖ਼ਰੀਦਣ ’ਤੇ ਕੋਈ ਪਾਬੰਦੀ ਨਹੀਂ: ਹਰਦੀਪ ਪੁਰੀ
ਇਰਾਨ ਅਤੇ ਵੈਨੇਜ਼ੁਏਲਾ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਕੌਮਾਂਤਰੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਵਜੋਂ ਪਾਬੰਦੀਆਂ ਦੀ ਪਾਲਣਾ ਕੀਤੀ ਹੈ।
ਇਹ ਟਿੱਪਣੀਆਂ ਅਮਰੀਕਾ ਵੱਲੋਂ ਰੂਸ ਤੋਂ ਕੱਚੇ ਤੇਲ ਅਤੇ ਹਥਿਆਰ ਖਰੀਦਣ ’ਤੇ ਭਾਰਤ ’ਤੇ 25 ਫ਼ੀਸਦੀ ਟੈਰਿਫ ਤੋਂ ਇਲਾਵਾ 25 ਫ਼ੀਸਦੀ ਦੀ ਸਜ਼ਾਤਮਕ ਡਿਊਟੀ ਲਗਾਉਣ ਮਗਰੋਂ ਆਈਆਂ ਹਨ।
ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰ ਨੀਤੀਆਂ ’ਤੇ ਮਹੱਤਵਪੂਰਨ ਗੱਲਬਾਤ ਜਾਰੀ ਰਹਿਣ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੁਰੀ ਨੇ ਕਿਹਾ ਕਿ ਰੂਸ ਵਿਸ਼ਵ ਪੱਧਰ ’ਤੇ ਲਗਭਗ 10 ਮਿਲੀਅਨ ਬੈਰਲ ਪ੍ਰਤੀ ਦਿਨ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਸਪਲਾਇਰ ਹੈ। ਕੇਂਦਰੀ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਪਲਾਈ ਵਿੱਚ ਵਿਘਨ ਪੈਂਦਾ ਹੈ ਤਾਂ ਦੁਨੀਆ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਉਨ੍ਹਾਂ ਕਿਹਾ, ‘‘ਊਰਜਾ ਇੱਕ ਅਜਿਹੀ ਚੀਜ਼ ਹੈ ਜਿਸ ਤੋਂ ਬਿਨਾਂ ਤੁਸੀਂ ਕੁੱਝ ਨਹੀਂ ਕਰ ਸਕਦੇ ... ਜੇਕਰ ਤੁਸੀਂ ਦੂਜੇ ਸਭ ਤੋਂ ਵੱਡੇ ਉਤਪਾਦਕ ਨੂੰ ਹਟਾਉਂਦੇ ਹੋ ਤਾਂ ਤੁਹਾਨੂੰ ਖਪਤ ਵਿੱਚ ਕਟੌਤੀ ਕਰਨੀ ਪਵੇਗੀ। ਨਤੀਜੇ ਕਾਫ਼ੀ ਗੰਭੀਰ ਹਨ।’’
ਡਿਪਲੋਮੈਟ ਤੋਂ ਸਿਆਸਤਦਾਨ ਬਣੇ ਹਰਦੀਪ ਪੁਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਦੁਨੀਆ ਰੂਸੀ ਤੇਲ ’ਤੇ ਪਾਬੰਦੀਆਂ ਨਹੀਂ ਲਗਾ ਰਹੀ।
ਉਨ੍ਹਾਂ ਕਿਹਾ ਕਿ ਰੂਸ ਤੋਂ ਖਰੀਦਣ ’ਤੇ ਕੀਮਤ ਸੀਮਾਵਾਂ ਲਗਾਈਆਂ ਗਈਆਂ ਹਨ ਅਤੇ ਜਦੋਂ ਵੀ ਅਜਿਹੀ ਕੋਈ ਗੱਲ ਹੁੰਦੀ ਹੈ ਤਾਂ ਉਹ ਭਾਰਤੀ ਕੰਪਨੀਆਂ ਨੂੰ ਘੱਟ ਕੀਮਤਾਂ ’ਤੇ ਤੇਲ ਖਰੀਦਣ ਲਈ ਕਹਿੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਤੁਰਕੀ, ਜਾਪਾਨ ਅਤੇ ਯੂਰੋਪੀਅਨ ਯੂਨੀਅਨ ਸਣੇ ਬਹੁਤ ਸਾਰੇ ਦੇਸ਼ ਰੂਸ ਤੋਂ ਤੇਲ ਖਰੀਦਦੇ ਹਨ।
ਪੁਰੀ ਨੇ ਕਿਹਾ ਕਿ ਇਸ ਸਮੇਂ ਰੂਸ ਵੱਲੋਂ ਪੇਸ਼ ਕੀਤੀਆਂ ਗਈਆਂ ਛੋਟਾਂ ਇੰਨੀਆਂ ਜ਼ਿਆਦਾ ਨਹੀਂ ਹਨ।
ਮੰਤਰੀ ਨੇ ਕਿਹਾ ਕਿ ਤੇਲ ਦੀ ਸਪਲਾਈ ਅਤੇ ਮੰਗ ਵਿਚਕਾਰ ਇੱਕ ‘ਵਿਆਪਕ ਸੰਤੁਲਨ’ ਲਾਜ਼ਮੀ ਹੈ ਅਤੇ ਉਨ੍ਹਾਂ ਉਮੀਦ ਜਤਾਈ ਕਿ ਕੱਚਾ ਤੇਲ ਅੱਗੇ ਜਾ ਕੇ 65-68 ਡਾਲਰ ਪ੍ਰਤੀ ਬੈਰਲ ਦੇ ਵਿਚਕਾਰ ਵਪਾਰ ਕਰਦਾ ਰਹੇਗਾ।