ਅਤਿਵਾਦ ਵਿਰੋਧੀ ਭਾਰਤੀ ਮੁਹਿੰਮਾਂ ਦੀ ਪ੍ਰਸ਼ੰਸਾ ਕਰ ਰਿਹੈ ਪੂਰਾ ਵਿਸ਼ਵ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਸਪੱਸ਼ਟ ਹੈ ਅਤੇ ਪੂਰੀ ਦੁਨੀਆ ਭਾਰਤ ਦੀਆਂ ਅਤਿਵਾਦ ਵਿਰੋਧੀ ਮੁਹਿੰਮਾਂ ਦੀ ਪ੍ਰਸ਼ੰਸਾ ਕਰ ਰਹੀ ਹੈ ਤੇ ਉਸ ਨੂੰ ਵਿਆਪਕ ਸਮਰਥਨ ਦੇ ਰਹੀ ਹੈ। ਮੁੰਬਈ ਵਿੱਚ 26/11 ਦੇ ਅਤਿਵਾਦੀ ਹਮਲਿਆਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਾਹ ਨੇ ‘ਐਕਸ’ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਅਤਿਵਾਦ ਕਿਸੇ ਇੱਕ ਦੇਸ਼ ਲਈ ਨਹੀਂ, ਬਲਕਿ ਪੂਰੀ ਮਨੁੱਖਤਾ ਲਈ ਬਹੁਤ ਵੱਡਾ ਸਰਾਪ ਹੈ। ਗ੍ਰਹਿ ਮੰਤਰੀ ਨੇ ਕਿਹਾ, ‘‘2008 ਵਿੱਚ ਅੱਜ ਦੇ ਦਿਨ ਅਤਿਵਾਦੀਆਂ ਨੇ ਮੁੰਬਈ ’ਤੇ ਬੁਜ਼ਦਿਲਾਨਾ ਹਮਲਾ ਕਰ ਕੇ ਘਿਨਾਉਣਾ ਅਤੇ ਅਣਮਨੁੱਖੀ ਕੰਮ ਕੀਤਾ।’’ ਮੁੰਬਈ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਹਿਰ ਦੇ ਪੁਲੀਸ ਹੈੱਡਕੁਆਰਟਰ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਹਮਲੇ ਵਿੱਚ 166 ਮੌਤਾਂ ਹੋ ਗਈਆਂ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਾਰੇ ਨਾਗਰਿਕਾਂ ਨੂੰ ਅਤਿਵਾਦ ਖ਼ਿਲਾਫ਼ ਲੜਨ ਦੇ ਆਪਣੇ ਵਾਅਦਿਆਂ ਦੀ ਪੁਸ਼ਟੀ ਕਰਨ ਦਾ ਸੱਦਾ ਦਿੱਤਾ।
