ਪਿੰਡ ਨੇ ਦੋ ਲੜਕੀਆਂ ਦੇ ਵਿਆਹ ਨੂੰ ਦਿੱਤਾ ਆਸ਼ੀਰਵਾਦ
ਸੁੰਦਰਬਨ ਦੇ ਧੁਰ ਅੰਦਰ ਤੱਕ ਵਸੇ ਪਿੰਡ ’ਚ ਦੋ ਲੜਕੀਆਂ ਨੇ ਮੰਦਰ ’ਚ ਆਪਸ ’ਚ ਵਿਆਹ ਕਰ ਲਿਆ। ਪ੍ਰੋਫੈਸ਼ਨਲ ਡਾਂਸਰ ਰੀਆ ਸਰਦਾਰ ਅਤੇ ਰਾਖੀ ਨਾਸਕਰ ਨੇ ਕੁਲਤਾਲੀ ਬਲਾਕ ਦੇ ਜਲਬੇਰੀਆ ਦੇ ਪਲੇਰ ਚੱਕ ਮੰਦਰ ’ਚ ਫੇਰੇ ਲਏ। ਦੋਹਾਂ ਦਾ ਵਿਆਹ ਸੈਂਕੜੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ 4 ਨਵੰਬਰ ਨੂੰ ਹੋਇਆ। ਲੋਕਾਂ ਨੇ ਸ਼ੰਖ ਵਜਾਏ ਅਤੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਦੇਸ਼ ’ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਹੈ ਅਤੇ ਇਹ ਮਾਮਲਾ ਹਾਲੇ ਵੀ ਸੁਪਰੀਮ ਕੋਰਟ ’ਚ ਬਕਾਇਆ ਹੈ। ਰੀਆ ਲਾੜੀ ਅਤੇ ਰਾਖੀ ਲਾੜੇ ਦੀ ਪੁਸ਼ਾਕ ’ਚ ਸਜੀਆਂ ਹੋਈਆਂ ਸਨ ਅਤੇ ਜੈਮਾਲਾ ਮਗਰੋਂ ਉਨ੍ਹਾਂ ਫੇਰੇ ਲਏ। ਕਈ ਪਿੰਡ ਵਾਸੀ ਇਸ ਅਨੋਖੇ ਵਿਆਹ ਤੋਂ ਹੈਰਾਨ ਸਨ ਅਤੇ ਕਈ ਖਾਮੋਸ਼ ਰਹਿ ਕੇ ਇਸ ਨੂੰ ਦੇਖ ਰਹੇ ਸਨ। ਮੰਦਿਰਬਾਜ਼ਾਰ ਦੇ ਰਾਮੇਸ਼ਵਰਪੁਰ ਦੀ ਰੀਆ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਦੋਹਾਂ ਨੇ ਜੀਵਨ ਸਾਥੀ ਬਣਨ ਦਾ ਪ੍ਰਣ ਲਿਆ ਹੈ।’’ ਬਕੁਲਤਾਲਾ ਥਾਣਾ ਇਲਾਕੇ ਦੀ ਰਾਖੀ ਨੇ ਕਿਹਾ, ‘‘ਅਸੀਂ ਬਾਲਗ ਹਾਂ ਅਤੇ ਆਪਣੀ ਜ਼ਿੰਦਗੀ ਦੇ ਫ਼ੈਸਲੇ ਲੈ ਸਕਦੇ ਹਾਂ। ਜੀਵਨ ਸਾਥੀ ਚੁਣਨ ਸਮੇਂ ਲਿੰਗ ਦੀ ਅਹਿਮੀਅਤ ਕਿਉਂ ਹੋਣੀ ਚਾਹੀਦੀ ਹੈ।’’ ਰੀਆ ਨੇ ਕਿਹਾ ਕਿ ਉਸ ਦੇ ਮਾਪਿਆਂ ਦਾ ਛੋਟੀ ਉਮਰ ’ਚ ਹੀ ਮੌਤ ਹੋ ਗਈ ਸੀ ਅਤੇ ਉਸ ਨੂੰ ਉਸ ਦੇ ਇਕ ਰਿਸ਼ਤੇਦਾਰ ਨੇ ਪਾਲਿਆ ਹੈ। ਰਿਸ਼ਤੇਦਾਰ ਪਹਿਲਾਂ ਤਾਂ ਉਸ ਦੇ ਫ਼ੈਸਲੇ ਤੋਂ ਹੈਰਾਨ ਰਹਿ ਗਏ ਪਰ ਬਾਅਦ ’ਚ ਉਨ੍ਹਾਂ ਕੋਈ ਵਿਰੋਧ ਨਹੀਂ ਕੀਤਾ। ਰਾਖੀ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਬਹੁਤ ਦਬਾਅ ਪਾਇਆ ਸੀ ਪਰ ਉਸ ਨੇ ਅਜਿਹੇ ਵਿਅਕਤੀ ਨਾਲ ਹੀ ਵਿਆਹ ਕਰਨ ਦਾ ਫ਼ੈਸਲਾ ਲਿਆ ਜੋ ਉਸ ਨੂੰ ਪਿਆਰ ਕਰਦਾ ਹੋਵੇ।
