ਉਪ ਰਾਸ਼ਟਰਪਤੀ ਨੂੰ ਭੱਤੇ ਮਿਲਦੇ ਹਨ ਪਰ ਪੱਕੀ ਤਨਖਾਹ ਨਹੀਂ
ਭਾਰਤ ਦੇ ਉਪ ਰਾਸ਼ਟਰਪਤੀ ਦਾ ਅਹੁਦਾ ਇੱਕੋ ਇੱਕ ਅਜਿਹਾ ਅਹੁਦਾ ਹੈ ਜਿਸ ਨੂੰ ਪੱਕੀ ਤਨਖਾਹ ਦਾ ਲਾਭ ਨਹੀਂ ਮਿਲਦਾ। ਦੇਸ਼ ਦੇ ਦੂਜੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਉਪ ਰਾਸ਼ਟਰਪਤੀ ਨੂੰ ਹਾਲਾਂਕਿ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੇ ਚੇਅਰਮੈਨ ਵਜੋਂ ਆਪਣੀ ਭੂਮਿਕਾ ਲਈ ਤਨਖਾਹ ਮਿਲਦੀ ਹੈ।
ਉਪ ਰਾਸ਼ਟਰਪਤੀ ਦੀ ਤਨਖਾਹ ਤੇ ਭੱਤੇ ਸੰਸਦ ਅਧਿਕਾਰੀਆਂ ਦੀ ਤਨਖਾਹ ਤੇ ਭੱਤੇ ਐਕਟ, 1953 ਤਹਿਤ ਤੈਅ ਕੀਤੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ, ‘ਉਪ ਰਾਸ਼ਟਰਪਤੀ ਲਈ ਕਿਸੇ ਵਿਸ਼ੇਸ਼ ਤਨਖਾਹ ਦਾ ਪ੍ਰਬੰਧ ਨਹੀਂ ਹੈ। ਇਸ ਦੀ ਥਾਂ ਉਨ੍ਹਾਂ ਨੂੰ ਰਾਜ ਸਭਾ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਭੂਮਿਕਾ ਅਨੁਸਾਰ ਮਿਹਨਤਾਨਾ ਤੇ ਲਾਭ ਮਿਲਦੇ ਹਨ।’ ਉਪ ਰਾਸ਼ਟਰਪਤੀ, ਕਾਰਜਕਾਰੀ ਰਾਸ਼ਟਰਪਤੀ ਦੀ ਭੂਮਿਕਾ ’ਚ ਕਾਰਜਭਾਰ ਸੰਭਾਲਣ ’ਤੇ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਲੈਣ ਦੇ ਹੱਕਦਾਰ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਉਪ ਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਨਹੀਂ ਰਹਿ ਜਾਂਦੇ। ਰਾਜ ਸਭਾ ਦੇ ਚੇਅਰਮੈਨ ਨੂੰ ਚਾਰ ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਉਪ ਰਾਸ਼ਟਰਪਤੀ ਨੂੰ ਕਈ ਸਹੂਲਤਾਂ ਤੇ ਭੱਤੇ ਜਿਵੇਂ ਮੁਫ਼ਤ ਰਿਹਾਇਸ਼, ਮੈਡੀਕਲ ਸੰਭਾਲ, ਰੇਲ ਤੇ ਹਵਾਈ ਯਾਤਰਾ, ਲੈਂਡਲਾਈਨ ਕੁਨੈਕਸ਼ਨ, ਮੋਬਾਈਲ ਫੋਨ ਸੇਵਾ, ਨਿੱਜੀ ਸੁਰੱਖਿਆ ਤੇ ਕਰਮਚਾਰੀ ਮਿਲਦੇ ਹਨ। ਸਾਬਕਾ ਉਪ ਰਾਸ਼ਟਰਪਤੀ ਨੂੰ ਕਰੀਬ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਟਾਈਪ-8 ਬੰਗਲਾ, ਨਿੱਜੀ ਸਕੱਤਰ, ਵਧੀਕ ਨਿੱਜੀ ਸਕੱਤਰ, ਨਿੱਜੀ ਸਹਾਇਕ, ਡਾਕਟਰ, ਨਰਸਿੰਗ ਅਧਿਕਾਰੀ ਤੇ ਚਾਰ ਨਿੱਜੀ ਅਟੈਂਡੈਂਟ ਮਿਲਦੇ ਹਨ। ਸਾਬਕਾ ਉਪ ਰਾਸ਼ਟਰਪਤੀ ਦੀ ਮੌਤ ਹੋਣ ਦੀ ਸਥਿਤੀ ’ਚ ਉਨ੍ਹਾਂ ਦਾ ਜੀਵਨ ਸਾਥੀ ਇੱਕ ਛੋਟੇ ਟਾਈਪ-7 ਮਕਾਨ ਦਾ ਹੱਕਦਾਰ ਹੁੰਦਾ ਹੈ।