ਹਰ ਸਾਲ ਘਟਦੀ ਜਾ ਰਹੀ ਹੈ ਧੁੱਪ
ਤਿੰਨ ਦਹਾਕਿਆਂ ਦੀ ਖੋਜ ’ਤੇ ਅਧਾਰਤ ਰਿਪੋਰਟ ਵਿੱਚ ਖੁਲਾਸਾ
Advertisement
ਹਰ ਸਾਲ ਧੁੱਪ ਨਿਕਲਣ ਦਾ ਸਮਾਂ ਘਟਦਾ ਜਾ ਰਿਹਾ ਹੈ। ਇਹ ਖੁਲਾਸਾ 30 ਸਾਲਾਂ ਦੀ ਖੋਜ ’ਤੇ ਆਧਾਰਿਤ ਰਿਪੋਰਟ ਵਿੱਚ ਕੀਤਾ ਗਿਆ ਹੈ। 1988 ਤੋਂ 2018 ਦੇ ਰੁਝਾਨਾਂ ਦੇ ਅਧਿਐਨ ਅਨੁਸਾਰ, ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਰ ਸਾਲ ਧੁੱਪ ਦੇ ਘੰਟੇ ਘੱਟ ਹੋ ਸਕਦੇ ਹਨ। ਧੁੱਪ ਘਟਣ ਦਾ ਸਭ ਤੋਂ ਵੱਧ ਅਸਰ ਹਿਮਾਲਿਆ ਖੇਤਰ ਤੇ ਪੱਛਮੀ ਤੱਟ ’ਤੇ ਦਿਖਾਈ ਦੇ ਰਿਹਾ ਹੈ।ਬਨਾਰਸ ਹਿੰਦੂ ਯੂਨੀਵਰਸਿਟੀ, ਇੰਡੀਅਨ ਇੰਸਟੀਚਿਊਟ ਆਫ ਟਰੌਪੀਕਲ ਮੈਟਰੋਲੋਜੀ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ ਐੱਮ ਡੀ) ਦੇ ਖੋਜੀਆਂ ਨੇ ਨਵੇਂ ਅਧਿਐਨ ਵਿੱਚ ਪਾਇਆ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਹਿਮਾਲਿਆ ਖੇਤਰ ਵਿੱਚ ਔਸਤ ਹਰ ਸਾਲ ਲਗਪਗ 9.5 ਘੰਟੇ ਧੁੱਪ ਘਟ ਗਈ, ਜਦਕਿ ਪੱਛਮੀ ਤੱਟ ’ਤੇ ਹਰ ਸਾਲ 8.5 ਘੰਟੇ ਤੋਂ ਵੱਧ ਧੁੱਪ ਘਟੀ ਹੈ।
‘ਸਾਇੰਟਿਫਿਕ ਰਿਪੋਰਟਸ’ ਜਰਨਲ ਵਿੱਚ ਪ੍ਰਕਾਸ਼ਤ ਇਸ ਅਧਿਐਨ ਵਿੱਚ 1988 ਤੋਂ 2018 ਦਰਮਿਆਨ ਨੌਂ ਖੇਤਰਾਂ ਦੇ 20 ਤੋਂ ਵੱਧ ਮੌਸਮ ਕੇਂਦਰਾਂ ਤੋਂ ਇਕੱਤਰ ਅੰਕੜਿਆਂ ਦੀ ਜਾਂਚ ਕੀਤੀ ਗਈ। ਇਸ ਵਿੱਚ ਸਾਹਮਣੇ ਆਇਆ ਕਿ ਪਿਛਲੇ 30 ਸਾਲਾਂ ਦੌਰਾਨ ਦੱਖਣੀ ਪਠਾਰ ਦੇ ਖੇਤਰਾਂ ਵਿੱਚ ਹਰ ਸਾਲ ਤਿੰਨ ਘੰਟੇ ਘੱਟ ਧੁੱਪ ਨਿਕਲੀ, ਜਦੋਂਕਿ ਉੱਤਰ-ਪੂਰਬੀ ਖੇਤਰ ਵਿੱਚ ਹਰ ਸਾਲ ਲਗਪਗ ਡੇਢ ਘੰਟੇ ਘੱਟ ਧੁੱਪ ਮਿਲੀ ਹੈ।
Advertisement
ਹਾਲਾਂਕਿ, ਟੀਮ ਨੇ ਕਿਹਾ ਕਿ ਅਕਤੂਬਰ ਤੋਂ ਮਈ ਦੌਰਾਨ ਇੱਕ ਮਹੀਨੇ ਵਿੱਚ ਧੁੱਪ ਦੇ ਘੰਟੇ ਵਧੇ ਹਨ, ਇਸ ਮਗਰੋਂ ਜੂਨ-ਜੁਲਾਈ ਦੌਰਾਨ ਛੇ ਖੇਤਰਾਂ ਵਿੱਚ ਧੁੱਪ ਨਿਕਲਣ ਵਿੱਚ ਮਹੱਤਵਪੂਰਨ ਕਮੀ ਆਈ ਹੈ।
Advertisement