ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਮਾਟਰ ਦੀ ਲਾਲੀ ਨੇ ਸੇਬ ਦਾ ਰੰਗ ੳੁਡਾਇਆ

* ਅਸਮਾਨੀਂ ਚੜ੍ਹੇ ਭਾਅ ਦੇ ਬਾਵਜੂਦ ਟਮਾਟਰਾਂ ਦੀ ਵਿਕਰੀ ਤੇਜ਼ * ਕਾਸ਼ਤਕਾਰ ਬਾਗੋਬਾਗ
Advertisement

ਅੰਬਿਕਾ ਸ਼ਰਮਾ

ਸੋਲਨ, 4 ਜੁਲਾਈ

Advertisement

ਇਥੇ ਸਥਿਤ ਖੇਤੀਬਾੜੀ ਉਤਪਾਦ ਮਾਰਕੀਟਿੰਗ ਕਮੇਟੀ (ਏਪੀਐੱਮਸੀ) ਵਿੱਚ ਟਮਾਟਰ ਨੇ ਸੇਬ ਦੀਆਂ ਕੀਮਤਾਂ ਨੂੰ ਵੀ ਮਾਤ ਦੇ ਦਿੱਤੀ ਹੈ। ਵੇਰਵਿਆਂ ਅਨੁਸਾਰ ਟਮਾਟਰ 102 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ ਜਦੋਂ ਕਿ ਨਵੇਂ ਆਏ ਸੇਬ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਹੈ। ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਦਾ ਟਮਾਟਰਾਂ ਦੇ ਕਾਸ਼ਤਕਾਰਾਂ ਨੂੰ ਲਾਭ ਹੋ ਰਿਹਾ ਹੈ ਜਦੋਂ ਕਿ ਖਰੀਦਦਾਰਾਂ ਨੂੰ ਇਕ ਫੀਸਦ ਮਾਰਕੀਟ ਫੀਸ ਦਾ ਭੁਗਤਾਨ ਏਪੀਐੱਮਸੀ ਨੂੰ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਨਵੇਂ ਸੇਬਾਂ ਦੀ ‘ਟਾਈਡਮੈਨ’ ਕਿਸਮ ਬੀਤੇ ਦਿਨ ਤੋਂ ਹੀ ਮਾਰਕੀਟਿੰਗ ਕਮੇਟੀ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ। ਏਪੀਐੱਮਸੀ ਸੋਲਨ ਦੇ ਅਧਿਕਾਰੀ ਬਿਆਸਦੇਵ ਸ਼ਰਮਾ ਨੇ ਕਿਹਾ ਕਿ ਅੱਜ 7,823 ਕਿਲੋ ਸੇਬਾਂ ਦੀ ਵਿਕਰੀ 40 ਤੋਂ 100 ਰੁਪਏ ਪ੍ਰਤੀ ਕਿਲੋ ਦਰਮਿਆਨ ਹੋਈ ਜਦੋਂਕਿ ਟਮਾਟਰ 33 ਤੋਂ ਲੈ ਕੇ 102 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ। ਆਉਣ ਵਾਲੇ ਹਫਤਿਆਂ ਵਿੱਚ ਸੇਬਾਂ ਦੀ ਵਿਕਰੀ ਵਿੱਚ ਤੇਜ਼ੀ ਆਏਗੀ ਕਿਉਂਕਿ ਵਧੀਆ ਕੁਆਲਿਟੀ ਸੇਬਾਂ ਦੀ ਤਿਆਰ ਫਸਲ ਵੀ ਮਾਰਕੀਟ ਵਿੱਚ ਪਹੁੰਚ ਜਾਵੇਗੀ। ਟਮਾਟਰਾਂ ਦੀਆਂ ਵਧੀਆਂ ਕੀਮਤਾਂ ਕਾਰਨ ਕਾਸ਼ਤਕਾਰ ਬਾਗੋਬਾਗ ਹਨ ਤੇ ਕਾਸ਼ਤਕਾਰਾਂ ਨੂੰ ਵਧੀਆ ਮਿਆਰ ਵਾਲੀ ‘ਹਿਮ ਸੋਹਨਾ’ ਵੰਨਗੀ ਦਾ ਸਭ ਤੋਂ ਵਧ ਭਾਅ ਮਿਲ ਰਿਹਾ ਹੈ। ਟਮਾਟਰਾਂ ਦੀ ਇਸ ਵੰਨਗੀ ਦੀ ਸਭ ਤੋਂ ਜ਼ਿਆਦਾ ਮੰਗ ਉੱਤਰ ਪ੍ਰਦੇਸ਼, ਕਰਨਾਟਕ, ਰਾਜਸਥਾਨ ਤੇ ਦਿੱਲੀ ਸਣੇ ਹੋਰਨਾਂ ਉੱਤਰੀ ਸੂਬਿਆਂ ਵਿੱਚ ਹੈ। ਇਕ ਹੋਰ ਜਾਣਕਾਰੀ ਅਨੁਸਾਰ ਬੀਤੀ 15 ਜੂਨ ਤੋਂ ਹੁਣ ਤਕ ਟਮਾਟਰਾਂ ਦੇ 36,151 ਕਰੇਟ ਲਗਭਗ 6.5 ਕਰੋੜ ਰੁਪਏ ਵਿੱਚ ਵਿਕੇ ਹਨ ਤੇ ਹਰ ਕਰੇਟ ਵਿੱਚ 24 ਕਿਲੋ ਟਮਾਟਰ ਹੁੰਦੇ ਹਨ। ਇਕ ਕਰੇਟ ਔਸਤਨ 1800 ਰੁਪਏ ਵਿੱਚ ਵਿਕਿਆ ਹੈ ਤੇ ਟਮਾਟਰਾਂ ਦੀ ਕੀਮਤ 75 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਹੈ।

ਕਾਬਿਲੇਗੌਰ ਹੈ ਕਿ ਹਿਮਾਚਲ ਪ੍ਰਦੇਸ਼ ਦੇ 60 ਫੀਸਦੀ ਟਮਾਟਰ ਏਪੀਐੱਮਸੀ ਸੋਲਨ ਰਾਹੀਂ ਹੀ ਵਿਕਦੇ ਹਨ। ਟਮਾਟਰਾਂ ਦਾ ਸੀਜ਼ਨ 15 ਜੂਨ ਤੋਂ ਸ਼ੁਰੂ ਹੋ ਜਾਂਦਾ ਹੈ ਜੋ ਕਿ ਅੱਧ ਸਤੰਬਰ ਤਕ ਜਾਰੀ ਰਹਿੰਦਾ ਹੈ। ਟਮਾਟਰਾਂ ਦੀ ਵਿਕਰੀ ਹਰ ਦਿਨ ਲਗਾਤਾਰ ਵਧ ਰਹੀ ਹੈ। ਬੀਤੇ ਹਫਤੇ ਤਕ ਟਮਾਟਰਾਂ ਦੇ 2500 ਕਰੇਟ ਹਰ ਰੋਜ਼ ਵਿਕਦੇ ਸਨ ਜੋ ਕਿ ਪਿਛਲੇ ਕੁਝ ਦਿਨਾਂ ਵਿੱਚ ਵਧ ਕੇ 3500 ਕਰੇਟ ਹੋ ਗਏ ਹਨ। ਸੋਲਨ ਇਲਾਕੇ ਵਿੱਚ ਟਮਾਟਰਾਂ ਦੀ ਖੇਤੀ ਕਰਨ ਵਾਲੇ ਦੀਨਾ ਨਾਥ ਨੇ ਦੱਸਿਆ ਕਿ ਟਮਾਟਰਾਂ ਦੇ ਵਪਾਰ ਦਿਨੋ-ਦਿਨ ਵਧ ਰਿਹਾ ਹੈ ਤੇ ਇਸੇ ਤਰ੍ਹਾਂ ਇਨ੍ਹਾਂ ਦੀ ਆਮਦ ਵਿੱਚ ਤੇਜ਼ੀ ਆ ਰਹੀ ਹੈ।

ਕਾਂਗਰਸ ਨੇ ਮਹਿੰਗੇ ਟਮਾਟਰਾਂ ਤੇ ਸਬਜ਼ੀਆਂ ਲੲੀ ਭਾਜਪਾ ’ਤੇ ਸੇਧਿਆ ਨਿਸ਼ਾਨਾ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਪ੍ਰਿਆ ਸ੍ਰੀਨੇਤ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ: ਕਾਂਗਰਸ ਨੇ ਦੇਸ਼ ਵਿੱਚ ਸਬਜ਼ੀਆਂ ਤੇ ਹੋਰਨਾਂ ਜ਼ਰੂਰੀ ਵਸਤਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਲਈ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਹਿੰਗਾਈ ਮੈਨ’ ਦੱਸਿਆ ਹੈ। ਇਸੇ ਦੌਰਾਨ ਪਾਰਟੀ ਦੀ ਮਹਿਲਾ ਵਿੰਗ ਨੇ ਇਥੇ ਭਾਜਪਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ’ਤੇ ਠੱਲ੍ਹ ਪਾਉਣ ਲਈ ਫੌਰੀ ਕਦਮ ਚੁੱਕੇ ਜਾਣ। ਕਾਂਗਰਸ ਦੀ ਤਰਜ਼ਮਾਨ ਸੁਪ੍ਰਿਆ ਸ੍ਰੀਨੇਤ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਰਾਜੇ ਦੇ ਸਮਰਥਕ ਮਹਿੰਗਾੲੀ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਸ ਰਾਜੇ ਦਾ ਨਾਂ ‘ਮਹਿੰਗਾਈ ਮੈਨ’ ਹੈ ਜੋ ਕਿ ਨਰਿੰਦਰ ਮੋਦੀ ਹੈ। ਉਨ੍ਹਾਂ ਪੁੱਛਿਆ ਕਿ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਲਈ ਸਰਕਾਰ ਕਿਹੜੇ ਕਦਮ ਚੁੱਕ ਰਹੀ ਹੈ। ਲਗਾਤਾਰ ਵੱਧ ਰਹੀ ਮਹਿੰਗਾਈ ਦੀ ਸਰਕਾਰ ਨੂੰ ਪ੍ਰਵਾਹ ਹੈ ਜਾਂ ਨਹੀਂ? ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਪਿਛਲੇ ਦੋ ਸਾਲਾਂ ਨਾਲੋਂ ਸਭ ਤੋਂ ਵੱਧ ਹੈ ਤੇ ਇਸ ਸਰਕਾਰ ਇਸ ਬਾਰੇ ਗੰਭੀਰ ਨਹੀਂ ਹੈ। ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਦਾ ਜ਼ਿਕਰ ਕਰਦਿਆਂ ੳੁਨ੍ਹਾਂ ਕਿਹਾ ਕਿ ਟਮਾਟਰ 160 ਰੁਪੲੇ, ਧਨੀਆ 200, ਅਦਰਕ ਤੇ ਮਿਰਚਾਂ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀਆਂ ਹਨ। ਇਸੇ ਤਰ੍ਹਾਂ ਚੌਲ ਤੇ ਕਣਕ ਦੀਆਂ ਕੀਮਤਾਂ ਵੀ ਅਸਮਾਨੀਂ ਚੜ੍ਹੀਆਂ ਹੋਈਆਂ ਹਨ। ਅਜਿਹੇ ਦੌਰ ਵਿੱਚ ਆਮ ਆਦਮੀ ਖਾਸਕਰ ਮੱਧ ਵਰਗੀ ਲੋਕਾਂ ਦਾ ਗੁਜ਼ਾਰਾ ਔਖਾ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਦੇ ਉਸ ਤਰਕ ਨੂੰ ਵੀ ਨਕਾਰ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਸਬਜ਼ੀਆਂ ਮੌਸਮੀ ਹੋਣ ਕਾਰਨ ਕੁਝ ਨਹੀਂ ਕੀਤਾ ਜਾ ਸਕਦਾ। -ਪੀਟੀਆਈ

Advertisement
Tags :
ੳੁਡਾਇਆਟਮਾਟਰਲਾਲੀ
Show comments