ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਦੀ ਆਨ, ਬਾਨ ਤੇ ਸ਼ਾਨ ਨੇ ਨੌਜਵਾਨ

ਹਡ਼੍ਹਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਦਿਨ-ਰਾਤ ਡਟੀ ਜਵਾਨੀ
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਜਾਂਦੇ ਹੋਏ ਨੌਜਵਾਨ।
Advertisement

ਕਪੂਰਥਲਾ ਜ਼ਿਲ੍ਹੇ ਦਾ ਮੰਡ ਇਲਾਕਾ, ਜਿੱਥੋਂ ਦਾ ਨੌਜਵਾਨ ਪਰਮਜੀਤ ਸਿੰਘ ਸ਼ੂਕਦੇ ਬਿਆਸ ਦਰਿਆ ਨਾਲ ਟੱਕਰ ਲੈ ਰਿਹਾ ਹੈ। ਹੜ੍ਹਾਂ ਨੇ ਜਦੋਂ ਵੀ ਮੰਡ ਦੇ ਪਿੰਡਾਂ ’ਤੇ ਹੱਲਾ ਬੋਲਿਆ ਤਾਂ ਪਰਮਜੀਤ ਸਿੰਘ ਆਪਣੀ ਕਿਸ਼ਤੀ ਲੈ ਘਰੋਂ ਨਿਕਲਿਆ। ਫਿਰ ਚੱਲ ਸੋ ਚੱਲ, ਨਾ ਦਿਨ ਦੇਖਦਾ ਹੈ ਤੇ ਨਾ ਰਾਤ। ਉਸ ਦਾ ਇੱਕੋ ਮਿਸ਼ਨ ਹੈ ਕਿ ਪਾਣੀ ’ਚ ਫਸੀ ਜ਼ਿੰਦਗੀ ਨੂੰ ਕਿਵੇਂ ਕਿਨਾਰੇ ਲਾਉਣਾ ਹੈ। ਸੈਂਕੜੇ ਜਾਨਾਂ ਬਚਾਉਣ ਵਾਲੀ ਇਹ ‘ਵਨ ਮੈਨ ਆਰਮੀ’ ਰਾਤ ਨੂੰ ਦੋ-ਦੋ ਵਜੇ ਤੱਕ ਅਪਰੇਸ਼ਨ ਚਲਾਉਂਦੀ ਹੈ।

ਪਰਮਜੀਤ ਸਿੰਘ ਇਕੱਲਾ ਨਹੀਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ’ਚ ਨਾਇਕ ਬਣ ਕੇ ਉੱਭਰੇ ਹਨ। ਮੰਡ ਦੇ ਪਿੰਡ ਬਾਊਪੁਰ ਦੇ ਪਰਮਜੀਤ ਸਿੰਘ ਕੋਲ ਆਪਣੀ ਕਿਸ਼ਤੀ ਹੈ ਅਤੇ ਉਹ 15 ਅਗਸਤ ਤੋਂ ਮੰਡ ਦੇ ਕਰੀਬ 16 ਪਿੰਡਾਂ ’ਚ ਇਕੱਲਾ ਹੀ ਆਪਣੀ ਕਿਸ਼ਤੀ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚ ਰਿਹਾ ਹੈ। 1988 ਦੇ ਹੜ੍ਹਾਂ ’ਚ ਉਸ ਦੇ ਪਿਉ ਦਾਦਿਆਂ ਦੇ ਘਰ ਰੁੜ੍ਹ ਗਏ ਸਨ।

Advertisement

ਪਰਮਜੀਤ ਆਖਦਾ ਹੈ ਕਿ ਭਾਰਤੀ ਫ਼ੌਜ ਦੀਆਂ ਕਿਸ਼ਤੀਆਂ ਸ਼ਾਮ ਨੂੰ ਪੰਜ ਵਜੇ ਬੰਦ ਹੋ ਜਾਂਦੀਆਂ ਹਨ ਪਰ ਉਹ ਰਾਤ ਨੂੰ ਦੋ-ਦੋ ਵਜੇ ਤੱਕ ਆਪਣੇ ਮਿਸ਼ਨ ’ਤੇ ਡਟਦਾ ਹੈ। ਉਹ ਸੋਸ਼ਲ ਮੀਡੀਆ ਤੋਂ ਦੂਰ ਹੈ ਅਤੇ ਜ਼ਿੰਦਗੀ ਦੇ ਨੇੜੇ ਹੈ। ਉਹ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਚੁੱਕਾ ਹੈ। ਉਸ ਨੇ ਇੱਕ ਜੁਗਾੜੂ ਸ਼ਿੱਪ ਵੀ ਬਣਾਇਆ ਹੈ, ਜਿਸ ਨੂੰ ਉਹ ਪਸ਼ੂਆਂ ਨੂੰ ਪਾਣੀ ’ਚੋਂ ਬਾਹਰ ਕੱਢਣ ਲਈ ਵਰਤਦਾ ਹੈ। ਜਿਨ੍ਹਾਂ ਘਰਾਂ ਦੇ ਚੁੱਲ੍ਹੇ ਬੁਝ ਗਏ ਹਨ, ਉਨ੍ਹਾਂ ਘਰਾਂ ’ਚ ਨੌਜਵਾਨ ਗੁਰਜੀਤ ਸਿੰਘ ਜਾਂਦਾ ਹੈ। ਜ਼ਿਲ੍ਹਾ ਫ਼ਾਜ਼ਿਲਕਾ ਦੇ ਕੌਮੀ ਸਰਹੱਦ ਨੇੜਲੇ ਦਰਜਨਾਂ ਪਿੰਡ ਹੜ੍ਹਾਂ ਦੇ ਪਾਣੀ ’ਚ ਘਿਰੇ ਹੋਏ ਹਨ। ਗੁਰਜੀਤ ਸਿੰਘ ਕੋਲ ਤਿੰਨ ਕਿਸ਼ਤੀਆਂ ਤੇ ਨੌਜਵਾਨਾਂ ਦੀ ਇੱਕ ਪੂਰੀ ਟੀਮ ਹੈ। ਉਹ ਕਰੀਬ ਦਸ ਪਿੰਡਾਂ ’ਚ ਰੋਜ਼ਾਨਾ ਪੰਜ ਤੋਂ ਛੇ ਹਜ਼ਾਰ ਲੋਕਾਂ ਲਈ ਲੰਗਰ ਪੁੱਜਦਾ ਕਰਦਾ ਹੈ। ਫ਼ਾਜ਼ਿਲਕਾ ਦੇ ਪਿੰਡ ਸਾਬੋਆਣਾ ਦਾ ਗੁਰਜੀਤ ਸਿੰਘ ਹਫ਼ਤੇ ਤੋਂ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੰਗਰ ਵੰਡ ਰਿਹਾ ਹੈ। ਅਜਨਾਲਾ ਦੇ ਪਿੰਡ ਮਾਛੀਵਾਹਲਾ ਦਾ ਨਵਦੀਪ ਸਿੰਘ ਕਿੰਨਾ ਸਮਾਂ ਰਾਵੀ ਦੇ ਪਾਣੀ ’ਚ ਰੁੜ੍ਹ ਗਏ ਪਿੰਡ ਦੇ ਇੱਕ ਬਜ਼ੁਰਗ ਦਾ ਪਿੱਛਾ ਕਰਦਾ ਰਿਹਾ। ਇਕੱਲਾ ਪਾਣੀ ’ਚ ਕੁੱਦ ਗਿਆ ਅਤੇ ਜਦੋਂ ਪਰਤਿਆ ਤਾਂ ਉਸ ਦੇ ਮੋਢੇ ’ਤੇ ਬਜ਼ੁਰਗ ਦੀ ਲਾਸ਼ ਸੀ। ਢਾਣੀਆਂ ’ਚ ਤਿੰਨ ਔਰਤਾਂ ਫਸ ਗਈਆਂ ਤਾਂ ਕਿਸ਼ਤੀ ਲੈ ਕੇ ਪਹੁੰਚ ਗਿਆ। ਉਸ ਦੇ ਪਾਣੀ ’ਚ ਪੈਰ ਗਲ ਚੁੱਕੇ ਹਨ। ਉਹ ਢਾਣੀਆਂ ’ਚੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢ ਲਿਆਇਆ ਹੈ। ਫ਼ਿਰੋਜ਼ਪੁਰ ਦੇ ਪਿੰਡ ਰੁਕਣੇ ਵਾਲਾ ਕੋਲ ਸਤਲੁਜ ਦਾ ਬੰਨ੍ਹ ਹੈ ਜਿੱਥੇ ‘ਬਾਬੇ ਕੇ ਫਾਊਂਡੇਸ਼ਨ’ ਦੇ ਦਰਜਨਾਂ ਨੌਜਵਾਨ ਡਟੇ ਹੋਏ ਹਨ। ਇਲਾਕੇ ’ਚ 9-9 ਫੁੱਟ ਪਾਣੀ ਚੜ੍ਹ ਗਿਆ ਹੈ। ਪਿੰਡ ਵੰਡਾਲਾ ਜਦੋਂ ਚਾਰੇ ਪਾਸਿਓਂ ਪਾਣੀ ’ਚ ਫਸ ਗਿਆ ਤਾਂ ਇਨ੍ਹਾਂ ਨੌਜਵਾਨਾਂ ਨੇ ਕਿਸ਼ਤੀ ਲੈ ਕੇ ਮੋਰਚਾ ਸੰਭਾਲ ਲਿਆ। ਫਾਊਂਡੇਸ਼ਨ ਦੇ ਸੁਖਚੈਨ ਸਿੰਘ ਆਖਦੇ ਹਨ ਕਿ ਦੋ ਦਿਨ ਪਹਿਲਾਂ ਹੀ ਨਵੀਂ ਕਿਸ਼ਤੀ ਖ਼ਰੀਦੀ ਹੈ ਜਿਸ ’ਚ ਲੋਕਾਂ ਨੂੰ ਬਾਹਰ ਕੱਢਣ ਦਾ ਅਪਰੇਸ਼ਨ ਨੌਜਵਾਨ ਚਲਾ ਰਹੇ ਹਨ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਭਟੋਆ ਦਾ 22 ਸਾਲ ਦਾ ਨੌਜਵਾਨ ਸੰਜੀਵ ਸਿੰਘ ਸਲਾਰੀਆ ਘਰ-ਘਰ ਜਾ ਕੇ ਪੰਜਾਹ ਪੰਜਾਹ ਰੋਟੀਆਂ ਇਕੱਠੀਆਂ ਕਰਦਾ ਹੈ ਅਤੇ ਆਪਣੀ ਟੀਮ ਨਾਲ ਹੜ੍ਹ ਮਾਰੇ ਲੋਕਾਂ ਕੋਲ ਪਹੁੰਚਾ ਰਿਹਾ ਹੈ। ਅਜਿਹੇ ਹਜ਼ਾਰਾਂ ਨੌਜਵਾਨ ਹਨ ਜਿਹੜੇ ਟਰੈਕਟਰਾਂ ਨੂੰ ਡੂੰਘੇ ਪਾਣੀਆਂ ’ਚ ਲਿਜਾ ਕੇ ਲੋਕਾਂ ਦੀ ਜ਼ਿੰਦਗੀ ਵੀ ਬਚਾ ਰਹੇ ਹਨ।

ਜਵਾਨੀ ਦਾ ਜੋਸ਼ ਕਿਤੇ ਨੀ ਗਿਆ: ਅਮੋਲਕ ਸਿੰਘ

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਆਖਦੇ ਹਨ ਕਿ ਹੜ੍ਹਾਂ ਮੌਕੇ ਲੋਕਾਂ ਦੀ ਬਾਂਹ ਫੜਨ ਲਈ ਜਵਾਨੀ ਦਾ ਆਇਆ ਹੜ੍ਹ ਇਹ ਸੰਕੇਤ ਹੈ ਕਿ ਜਵਾਨੀ ਦਾ ਜੋਸ਼ ਕਿਤੇ ਨਹੀਂ ਗਿਆ। ਪੰਜਾਬ ਦੀ ਜਵਾਨੀ ਨੂੰ ਡੂੰਘੀ ਦ੍ਰਿਸ਼ਟੀ ਨਾਲ ਵੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹੜ੍ਹਾਂ ’ਚ ਉੱਭਰੀ ਜਵਾਨੀ ਪੰਜਾਬ ਦਾ ਧਰਵਾਸ ਬੰਨ੍ਹਣ ਵਾਲੀ ਹੈ।

Advertisement
Show comments