ਮਾਝੇ ਦੇ ਲੋਕਾਂ ਨੇ ਸਿਆਸੀ ਧਿਰਾਂ ਨੂੰ ਦਿਖਾਇਆ ਸ਼ੀਸ਼ਾ
ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਮਾਝੇ ਦੇ ਲੋਕਾਂ ਨੇ ਸ਼ੀਸ਼ਾ ਦਿਖਾ ਦਿੱਤਾ ਹੈ ਤਾਂ ਜੋ ਭਵਿੱਖ ਦੀ ਸਿਆਸਤ ਦੇ ਨਕਸ਼ ਘਾੜੇ ਕਿਸੇ ਭੁਲੇਖੇ ’ਚ ਨਾ ਰਹਿਣ। ਮਝੈਲਾਂ ਦੀ ਸੂਝ-ਬੂਝ ’ਚੋਂ ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਸਾਹਮਣੇ ਆਇਆ ਹੈ। ਹਰ ਸਿਆਸੀ ਧਿਰ ਲਈ ਨਤੀਜਾ ਸਬਕ ਦੇਣ ਵਾਲਾ ਹੈ ਅਤੇ ਰਾਜਸੀ ਭੁੱਲਾਂ ਦੀ ਨਿਸ਼ਾਨਦੇਹੀ ਕਰਨ ਵਾਲਾ ਵੀ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਲੋਕ ਸਭਾ ਦੀਆਂ ਦੋ ਅਤੇ ਵਿਧਾਨ ਸਭਾ ਦੀਆਂ ਸੱਤ ਸੀਟਾਂ ’ਤੇ ਉਪ ਚੋਣ ਹੋ ਚੁੱਕੀ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤਰਨ ਤਾਰਨ ਦੀ ਉਪ ਚੋਣ ’ਚ 36.23 ਫ਼ੀਸਦ ਵੋਟ ਵੋਟਾਂ ਲੈ ਕੇ ਜੇਤੂ ਰਹੇ ਹਨ। ‘ਆਪ’ ਲਈ ਇਹ ਫ਼ਤਵਾ ਤਸੱਲੀ ਵਾਲਾ ਹੈ। ਪੰਜਾਬ ਦਾ ਸਿਆਸੀ ਇਤਿਹਾਸ ਰਿਹਾ ਹੈ ਕਿ ਜ਼ਿਮਨੀ ਚੋਣਾਂ ਲਗਾਤਾਰ ਜਿੱਤਣ ਵਾਲੀ ਪਾਰਟੀ ਆਮ ਚੋਣਾਂ ’ਚ ਅਸਫਲ ਹੁੰਦੀ ਰਹੀ ਹੈ। ਬਾਹਰੋਂ ਦੇਖੀਏ ਤਾਂ ‘ਆਪ’ ਇਸ ਨਤੀਜੇ ਤੋਂ ਬਾਗੋ-ਬਾਗ਼ ਹੈ ਪਰ ਪਾਰਟੀ ਨੇ ਅੰਦਰੋਂ ਤਾੜ ਲਿਆ ਹੈ ਕਿ ਅਗਲੇ ਰਾਹ ਏਨੇ ਸੌਖੇ ਨਹੀਂ। ‘ਆਪ ਨੂੰ ਪੌਣੇ ਚਾਰ ਵਰ੍ਹਿਆਂ ਮਗਰੋਂ ਇਹ ਸੀਟ ਜਿੱਤਣ ਲਈ ਪੂਰਾ ਤਾਣ ਲਾਉਣਾ ਪਿਆ ਅਤੇ ਹਰ ਹਰਬਾ ਵਰਤਣਾ ਪਿਆ। ਮਾਝੇ ਦੇ ਵੋਟਰਾਂ ਨੇ ‘ਆਪ’ ਨੂੰ ਅਖੀਰ ਤੱਕ ਦਮੋਂ ਕੱਢੀ ਰੱਖਿਆ। ਸਿਆਸੀ ਨਜ਼ਰੀਏ ਤੋਂ ਦੇਖੀਏ ਤਾਂ ਵੱਡਾ ਫੈਕਟਰ ਹਰਮੀਤ ਸਿੰਘ ਸੰਧੂ ਦੀ ਆਪਣੀ ਨਿੱਜੀ ਭੱਲ ਵੀ ਰਹੀ ਜੋ ਹੁਣ ਚੌਥੀ ਵਾਰ ਵਿਧਾਇਕ ਬਣੇ ਹਨ। ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਉਮੀਦਵਾਰ ਬਣਾਇਆ। ਵਿਧਾਨ ਸਭਾ ’ਚ ਹੁਣ ‘ਆਪ’ ਦੇ ਮੈਂਬਰਾਂ ਦੀ ਗਿਣਤੀ 94 ਹੋ ਗਈ ਹੈ।
ਚੋਣ ਕਮਿਸ਼ਨ ਵੱਲੋਂ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਨੂੰ ਪੱਖਪਾਤੀ ਰਵੱਈਏ ਦੇ ਇਲਜ਼ਾਮਾਂ ਤਹਿਤ ਮੁਅੱਤਲ ਕੀਤਾ ਗਿਆ। ਤਰਨ ਤਾਰਨ ਹਲਕੇ ’ਚ ਚੋਣ ਪ੍ਰਚਾਰ ਦੀ ਅਗਵਾਈ ਪੂਰੀ ਤਰ੍ਹਾਂ ਐਤਕੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਰਹੀ; ਅਰਵਿੰਦ ਕੇਜਰੀਵਾਲ ਇੱਕ ਰੋਡ ਸ਼ੋਅ ਦੌਰਾਨ ਜ਼ਰੂਰ ਪੁੱਜੇ ਸਨ। ‘ਆਪ’ ਸੁਪਰੀਮੋ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅੱਜ ਜਿੱਤ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਚੋਣ ਨਤੀਜੇ ਨੇ ‘ਆਪ’ ਸਰਕਾਰ ਦੇ ਵਿਕਾਸ ਕੰਮਾਂ ’ਤੇ ਮੋਹਰ ਲਾਈ ਹੈ। ਦੂਜੀ ਤਰਫ਼ ਹਲਕੇ ’ਚ ‘ਆਪ’ ਨੇ ਵਿਕਾਸ ਦੇ ਕੰਮਾਂ ਦੀ ਗੱਲ ਘੱਟ ਕੀਤੀ ਅਤੇ ਵਿਰੋਧੀਆਂ ਨੂੰ ਰਗੜੇ ਜ਼ਿਆਦਾ ਲਾਏ। ਕਾਂਗਰਸ ਦੇ ਹਲਕੇ ’ਚ ਕਮਜ਼ੋਰ ਹੋਣ ਦਾ ਫਾਇਦਾ ਵੀ ‘ਆਪ’ ਨੂੰ ਮਿਲਿਆ।
‘ਆਪ’ ਨੇ ਆਪਣੇ ਕਾਰਜਕਾਲ ਦੌਰਾਨ ਛੇ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਜਿੱਤੀ ਹੈ; ਬਰਨਾਲਾ ਸੀਟ ਤੋਂ ‘ਆਪ’ ਨੂੰ ਹਾਰ ਮਿਲੀ ਸੀ। ਜੇਤੂ ਛੇ ਸੀਟਾਂ ਤੇ ਨਜ਼ਰ ਮਾਰੀਏ ਤਾਂ ਤਰਨ ਤਾਰਨ ਹਲਕੇ ’ਚ ‘ਆਪ’ ਨੂੰ 36.23 ਫ਼ੀਸਦੀ ਵੋਟ ਮਿਲੇ ਹਨ; ਹਾਲਾਂਕਿ ਪਾਰਟੀ 12,091 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ। ਹਲਕਾ ਚੱਬੇਵਾਲ ’ਚ ‘ਆਪ’ ਨੂੰ 61.41 ਫ਼ੀਸਦੀ ਵੋਟ ਮਿਲੇ ਸਨ ਅਤੇ ਜਲੰਧਰ ਪੱਛਮੀ ’ਚ 58.82 ਫ਼ੀਸਦੀ ਵੋਟ ਹਾਸਲ ਹੋਏ ਸਨ। 2022 ’ਚ ਤਰਨ ਤਾਰਨ ਹਲਕੇ ’ਚੋਂ ਡਾ. ਕਸ਼ਮੀਰ ਸਿੰਘ ਸੋਹਲ 40.8 ਫ਼ੀਸਦੀ ਵੋਟ ਹਾਸਲ ਕਰ ਕੇ 13,588 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਸਨ।
ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਸੀਟ ਨੇ ਸ਼ੀਸ਼ਾ ਦਿਖਾਇਆ ਹੈ। ਉਂਝ ਮਾਝੇ ਦੇ ਲੋਕਾਂ ਨੇ ਪਾਰਟੀ ਨੂੰ ਠੁੰਮਮ੍ਹਣਾ ਦਿੱਤਾ ਹੈ। ਪੰਥਕ ਖ਼ਿੱਤੇ ’ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਹੁੰਗਾਰਾ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ‘ਗੈਂਗਸਟਰਵਾਦ’ ਦਾ ਆਸਰਾ ਤੱਕਣ ਨੂੰ ਲੈ ਕੇ ਉਂਗਲਾਂ ਵੀ ਉੱਠੀਆਂ। ਕਾਂਗਰਸ ਪਾਰਟੀ ਲਈ ਇਸ ਹਲਕੇ ਦਾ ਚੋਣ ਨਤੀਜਾ ਖ਼ਤਰੇ ਦੀ ਘੰਟੀ ਹੈ। ਕਾਂਗਰਸ ਲੀਡਰਸ਼ਿਪ ਦੀ ਚਾਲ-ਢਾਲ ਨੂੰ ਮਝੈਲਾਂ ਨੇ ਪਸੰਦ ਨਹੀਂ ਕੀਤਾ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੋਲ-ਬਾਣੀ ਨੇ ਕਾਂਗਰਸ ਦੀ ਖੇਡ ਖਿਲਾਰੀ ਰੱਖੀ। ਕਾਂਗਰਸ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ। ਕਾਂਗਰਸ ਇਕੱਠੀ ਹੋ ਕੇ ਜ਼ੋਰਦਾਰ ਤਰੀਕੇ ਨਾਲ ਇਸ ਹਲਕੇ ’ਚ ਚੋਣ ਲੜਨ ’ਚ ਨਾਕਾਮ ਰਹੀ। ਸਿਆਸੀ ਹਲਕੇ ਆਖਦੇ ਹਨ ਕਿ ਕਾਂਗਰਸ ਦੀ ਹਾਰ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ’ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਵੋਟਰਾਂ ਨੇ ਭਾਜਪਾ ਨੂੰ ਵੀ ਪਾਸੇ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਭਾਜਪਾ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ। ਭਾਜਪਾ ਪਿਛਲੇ ਸਮੇਂ ਤੋਂ ਜ਼ਿਆਦਾ ਉਤਸ਼ਾਹ ’ਚ ਸੀ ਕਿ ਕੇਂਦਰੀ ਸਕੀਮਾਂ ਦੇ ਸਹਾਰੇ ਪੰਜਾਬ ਦਾ ਗ਼ਰੀਬ ਵਰਗ ਉਨ੍ਹਾਂ ਦੀ ਬੇੜੀ ਪਾਰ ਲਗਾ ਦੇਵੇਗਾ। ਚੋਣ ਨੇ ਇਹ ਸਾਬਤ ਕੀਤਾ ਕਿ ਸਕੀਮਾਂ ਤੋਂ ਵੱਧ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਅਹਿਮ ਹੈ। ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਚੋਣ ਸਮੇਂ ਜੋ ਹਲਕੇ ’ਚ ਹਵਾ ਸੀ, ਉਹ ਇਸ ਵਾਰ ਗ਼ਾਇਬ ਰਹੀ।
ਜ਼ਿਮਨੀ ਚੋਣਾਂ ’ਚ ‘ਆਪ’ ਦੀ ਵੋਟ ਦਰ
ਤਰਨ ਤਾਰਨ 36.23 ਫ਼ੀਸਦੀ
ਲੁਧਿਆਣਾ ਪੱਛਮੀ 39.36 ਫ਼ੀਸਦੀ
ਡੇਰਾ ਬਾਬਾ ਨਾਨਕ 48.01 ਫ਼ੀਸਦੀ
ਚੱਬੇਵਾਲ 61.41 ਫ਼ੀਸਦੀ
ਗਿੱਦੜਬਾਹਾ 52.50 ਫ਼ੀਸਦੀ
ਬਰਨਾਲਾ 26.24 ਫ਼ੀਸਦੀ
ਜਲੰਧਰ ਪੱਛਮੀ 58.82 ਫ਼ੀਸਦੀ
ਸੰਗਰੂਰ ਲੋਕ ਸਭਾ 34.79 ਫ਼ੀਸਦੀ
ਜਲੰਧਰ ਲੋਕ ਸਭਾ 34.28 ਫ਼ੀਸਦੀ
