‘ਆਤਮ-ਨਿਰਭਰ ਭਾਰਤ’ ਦਾ ਮਾਰਗ ਮੁਲਕ ਨੂੰ ਵਿਕਸਿਤ ਬਣਾਉਣ ’ਚ ਮਦਦਗਾਰ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਗਾਮੀ ਤਿਓਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅੱਜ ਦੇਸ਼ ਵਾਸੀਆਂ ਨੂੰ ਸਵਦੇਸ਼ੀ ਉਤਪਾਦਾਂ ਦਾ ਫ਼ਖ਼ਰ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ‘ਸਥਾਨਕ ਉਤਪਾਦਾਂ ਦੇ ਖੁੱਲ੍ਹ ਕੇ ਇਸਤੇਮਾਲ’ (ਵੋਕਲ ਫਾਰ ਲੋਕਲ) ਦੇ ਮੰਤਰ ’ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਆਤਮ-ਨਿਰਭਰ ਭਾਰਤ’ ਦਾ ਮਾਰਗ ਮੁਲਕ ਨੂੰ ਵਿਕਸਿਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਕਿ ਜੀਵਨ ਦੀ ਹਰੇਕ ਲੋੜ ਵਿੱਚ ਸਭ ਕੁਝ ਸਵਦੇਸ਼ੀ ਹੋਣਾ ਚਾਹੀਦਾ ਹੈ। ਮੋਦੀ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦ ਟੈਕਸ ਲਗਾਏ ਜਾਣ ਤੋਂ ਬਾਅਦ ਦੇਸ਼ ਦੇ ਆਤਮ-ਨਿਰਭਰ ਬਣਨ ਦੀ ਲੋੜ ’ਤੇ ਲਗਾਤਾਰ ਜ਼ੋਰ ਦੇ ਰਹੇ ਹਨ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਲੇ ਦਿਨਾਂ ਵਿੱਚ ਗਣੇਸ਼ ਉਤਸਵ, ਦੁਰਗਾ ਪੂਜਾ ਅਤੇ ਦੀਵਾਲੀ ਦਾ ਤਿਓਹਾਰ ਆਉਣ ਸਬੰਧੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਤਿਓਹਾਰਾਂ ਦੌਰਾਨ ਤੋਹਫੇ, ਕੱਪੜੇ, ਸਜਾਵਟ ਦੀਆਂ ਵਸਤਾਂ ਜਾਂ ਹੋਰ ਕੋਈ ਚੀਜ਼ ਖਰੀਦਦੇ ਸਮੇਂ ਸਵਦੇਸ਼ੀ ਉਤਪਾਦਾਂ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਕਿਹਾ, ‘‘ਮਾਣ ਨਾਲ ਕਹੋ ਇਹ ਸਵਦੇਸ਼ੀ ਹੈ। ਸਾਨੂੰ ਇਸੇ ਭਾਵਨਾ ਨਾਲ ਅੱਗੇ ਵਧਣਾ ਹੈ। ਇੱਕ ਹੀ ਮੰਤਰ ਹੈ ‘ਵੋਕਲ ਫਾਰ ਲੋਕਲ’, ਇਕ ਹੀ ਰਸਤਾ ਹੈ ਆਤਮ-ਨਿਰਭਰ ਭਾਰਤ, ਇਕ ਹੀ ਟੀਚਾ ਹੈ ਵਿਕਸਤ ਭਾਰਤ।’’
ਮੋਦੀ ਨੇ ਕਿਹਾ ਕਿ ਰਾਮਾਇਣ ਅਤੇ ਭਾਰਤੀ ਸਭਿਆਚਾਰ ਪ੍ਰਤੀ ਪ੍ਰੇਮ ਹੁਣ ਦੁਨੀਆ ਦੇ ਹਰੇਕ ਕੋਨੇ ਤੱਕ ਪਹੁੰਚ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਦੇ ਮਿਸੀਸਾਗਾ ਵਿੱਚ ਭਗਵਾਨ ਰਾਮ ਦੀ 51 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਇਸੇ ਮਹੀਨੇ ਰੂਸ ਦੇ ਬੇਹੱਦ ਠੰਢੇ ਇਲਾਕੇ ਵਲਾਦੀਵੋਸਤੋਕ ਵਿੱਚ ਇਕ ਵਿਲੱਖਣ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਰੂਸੀ ਬੱਚਿਆਂ ਨੇ ਰਾਮਾਇਣ ਦੇ ਵੱਖ-ਵੱਖ ਵਿਸ਼ਿਆਂ ’ਤੇ ਬਣਾਏ ਗਏ ਚਿੱਤਰ ਪ੍ਰਦਰਸ਼ਿਤ ਕੀਤੇ। ਉਨ੍ਹਾਂ ਕਿਹਾ, ‘‘ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰਤੀ ਸਭਿਆਚਾਰ ਪ੍ਰਤੀ ਵਧਦੀ ਜਾਗਰੂਕਤਾ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ।’’ ਮੋਦੀ ਨੇ ਹੈਦਰਾਬਾਦ ਨੂੰ ਨਿਜ਼ਾਮ ਸ਼ਾਸਨ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਸਬੰਧੀ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦਾ ਇਕ ਆਡੀਓ ਵੀ ਸੁਣਾਇਆ। -ਪੀਟੀਆਈ
ਕੁਦਰਤੀ ਆਫ਼ਤਾਂ ਦੇ ਕਹਿਰ ’ਤੇ ਚਿੰਤਾ ਜ਼ਾਹਿਰ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਂਹ ਦੇ ਮੌਸਮ ਵਿੱਚ ਕੁਦਰਤੀ ਆਫ਼ਤਾਂ ਦੇ ਕਹਿਰ ’ਤੇ ਚਿੰਤਾ ਜ਼ਾਹਿਰ ਕੀਤੀ। ਮੋਦੀ ਨੇ ਕਿਹਾ, ‘‘ਇਸ ਮੌਨਸੂਨ ਵਿੱਚ, ਕੁਦਰਤੀ ਆਫ਼ਤਾਂ ਦੇਸ਼ ਦੀ ਪ੍ਰੀਖਿਆ ਲੈ ਰਹੀਆਂ ਹਨ। ਕਿਧਰੇ ਮਕਾਨ ਤਹਿਸ-ਨਹਿਸ ਹੋ ਗਏ, ਕਿਧਰੇ ਖੇਤ ਡੁੱਬ ਗਏ, ਵੱਡੀ ਗਿਣਤੀ ਪਰਿਵਾਰ ਬਰਬਾਦ ਹੋ ਗਏ। ਕਿਧਰੇ ਪੁਲ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ, ਸੜਕਾਂ ਰੁੜ੍ਹ ਗਈਆਂ, ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ। ਇਨ੍ਹਾਂ ਘਟਨਾਵਾਂ ਨੇ ਹਰੇਕ ਭਾਰਤੀ ਨੂੰ ਦੁਖੀ ਕੀਤਾ ਹੈ।’’ ਪ੍ਰਧਾਨ ਮੰਤਰੀ ਨੇ ਬਚਾਅ ਮੁਹਿੰਮ ਦੌਰਾਨ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨ ਡੀ ਆਰ ਐੱਫ), ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ (ਐੱਸ ਡੀ ਆਰ ਐੱਫ) ਅਤੇ ਸੁਰੱਖਿਆ ਬਲਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਸਾਰੇ ਦੇਸ਼ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਮਨੁੱਖਤਾ ਨੂੰ ਪਹਿਲ ਦਿੱਤੀ।’’
ਖੇਡਾਂ ਦੇ ਖੇਤਰ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ
ਪ੍ਰਧਾਨ ਮੰਤਰੀ ਨੇ ਕਿਹਾ, ‘‘ਹੜ੍ਹਾਂ ਅਤੇ ਮੀਂਹ ਨਾਲ ਹੋਈ ਤਬਾਹੀ ਦਰਮਿਆਨ ਜੰਮੂ ਕਸ਼ਮੀਰ ਨੇ ਦੋ ਬੇਹੱਦ ਖ਼ਾਸ ਪ੍ਰਾਪਤੀਆਂ ਵੀ ਕੀਤੀਆਂ ਹਨ। ਪੁਲਵਾਮਾ ਦੇ ਇਕ ਸਟੇਡੀਅਮ ਵਿੱਚ ਰਿਕਾਰਡ ਗਿਣਤੀ ਵਿੱਚ ਲੋਕ ਇਕੱਤਰ ਹੋਏ। ਪੁਲਵਾਮਾ ਦਾ ਪਹਿਲਾ ਦਿਨ-ਰਾਤ ਦਾ ਮੈਚ ਇੱਥੇ ਖੇਡਿਆ ਗਿਆ। ਪਹਿਲਾਂ ਇਹ ਸੰਭਵ ਨਹੀਂ ਸੀ, ਪਰ ਹੁਣ ਮੇਰਾ ਦੇਸ਼ ਬਦਲ ਰਿਹਾ ਹੈ। ਦੂਜਾ, ਸ੍ਰੀਨਗਰ ਦੀ ਡੱਲ ਝੀਲ ਵਿੱਚ ਦੇਸ਼ ਦਾ ਪਹਿਲਾ ‘ਖੇਲ੍ਹੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ’। ਪੂਰੇ ਭਾਰਤ ’ਚੋਂ 800 ਤੋਂ ਵੱਧ ਅਥਲੀਟਾਂ ਨੇ ਇਸ ਵਿੱਚ ਹਿੱਸਾ ਲਿਆ। ਮਹਿਲਾ ਅਥਲੀਟਾਂ ਦੀ ਭਾਗੀਦਾਰੀ ਵੀ ਪੁਰਸ਼ਾਂ ਦੇ ਬਰਾਬਰ ਸੀ।’’ ਉਨ੍ਹਾਂ ਸੋਨ ਤਗ਼ਮਾ ਜਿੱਤਣ ਵਾਲੇ ਜੰਮੂ ਕਸ਼ਮੀਰ ਦੇ ਮੋਹਸਿਨ ਅਲੀ ਨਾਲ ਗੱਲ ਵੀ ਕੀਤੀ। ਮੋਦੀ ਨੇ ਕਿਹਾ ਕਿ ‘ਇਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੇਸ਼ ਦੀ ਏਕਤਾ ਤੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਅਤੇ ਇਸ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਖੇਡਾਂ ਦੇ ਖੇਤਰ ਵਿੱਚ ਦੇਸ਼ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ।