ਮੱਤਦਾਨ ਕੇਂਦਰਾਂ ਦੀ ਗਿਣਤੀ ਵਧੇਗੀ
ਵੋਟਰਾਂ ਦੀਆਂ ਕਤਾਰਾਂ ਛੋਟੀਆਂ ਕਰਨ ਦੇ ਇਰਾਦੇ ਨਾਲ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਪੋਲਿੰਗ ਸਟੇਸ਼ਨ ਵਧਣਗੇ ਜਿਥੇ ਅਗਲੇ ਹਫ਼ਤੇ ਤੋਂ ਵੋਟਰ ਸੂਚੀਆਂ ਦੀ ਗਹਿਰੀ ਪੜਤਾਲ (ਐੱਸ ਆਈ ਆਰ) ਸ਼ੁਰੂ ਹੋ ਰਹੀ ਹੈ। ਬਿਹਾਰ, ਜਿਥੇ ਐੱਸ ਆਈ ਆਰ ਮੁਕੰਮਲ ਹੋ ਚੁੱਕੀ ਹੈ, ਮੁਲਕ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਥੇ ਹਰੇਕ ਪੋਲਿੰਗ ਸਟੇਸ਼ਨ ’ਤੇ 1500 ਦੀ ਬਜਾਏ ਵਧ ਤੋਂ ਵਧ 1200 ਵੋਟਰ ਹੋਣਗੇ। ਇਸ ਤੋਂ ਸੰਕੇਤ ਮਿਲਦਾ ਹੈ ਕਿ ਬਿਹਾਰ ਵਾਂਗ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੱਧ ਪੋਲਿੰਗ ਸਟੇਸ਼ਨ ਹੋਣਗੇ ਜਿਥੇ ਉਨ੍ਹਾਂ ਦੀ ਗਿਣਤੀ 77,895 ਤੋਂ ਵਧ ਕੇ 90,712 ਹੋ ਗਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨਵੇਂ ਪੋਲਿੰਗ ਸਟੇਸ਼ਨ ਕਾਇਮ ਕਰਨ ਲਈ ਸਿਆਸੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰਨਗੇ। ਚੋਣ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਇਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੋ ਪੋਲਿੰਗ ਸਟੇਸ਼ਨ ’ਤੇ ਹੀ ਵੋਟ ਪਵਾਉਣ ਦੇ ਉਪਰਾਲੇ ਕੀਤੇ ਜਾਣ। ਚੋਣ ਕਮਿਸ਼ਨ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਪਹੁੰਚਣ ਲਈ ਦੋ ਕਿਲੋਮੀਟਰ ਤੋਂ ਵਧ ਦਾ ਸਫ਼ਰ ਨਾ ਕਰਨਾ ਪਵੇ।
