ਤਰਨ ਤਾਰਨ ’ਚ ਉਮੀਦਵਾਰਾਂ ਦਾ ਆਖ਼ਰੀ ਹੰਭਲਾ
ਚਰਨਜੀਤ ਭੁੱਲਰ/ਗੁਰਬਖ਼ਸ਼ਪੁਰੀ
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ਸਿਆਸੀ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ। ‘ਆਪ’ ਦੇ ਯੂਥ ਵਿੰਗ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਰੋਡ ਸ਼ੋਅ ਕੀਤੇ ਉੱਥੇ ਹੀ ਭਾਜਪਾ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ।
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਆਖ਼ਰੀ ਦਿਨ ਰੈਲੀਆਂ ਕੀਤੀਆਂ। ਕਾਂਗਰਸ ਨੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਦੇ ਦੇਹਾਂਤ ਕਾਰਨ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭ ਸਿਆਸੀ ਪ੍ਰੋਗਰਾਮ ਮੁਲਤਵੀ ਰੱਖੇ। ਅੱਜ ਤਰਨ ਤਾਰਨ ’ਚ ਚੋਣ ਪ੍ਰਚਾਰ ਸ਼ਾਮ ਛੇ ਵਜੇ ਬੰਦ ਹੋ ਗਿਆ ਹੈ। ਹੁਣ ਸਿਆਸੀ ਪਾਰਟੀਆਂ ਘਰ-ਘਰ ਜਾ ਕੇ ਪ੍ਰਚਾਰ ਕਰਨਗੀਆਂ। ਪੁਲੀਸ ਨੇ ਵੀ ਵੋਟਰਾਂ ਨੂੰ ਹੱਲਾਸ਼ੇਰੀ ਦੇਣ ਲਈ ਸ਼ਾਮ ਨੂੰ ਸ਼ਹਿਰ ’ਚ ਫਲੈਗ ਮਾਰਚ ਕੀਤਾ। ਤਰਨ ਤਾਰਨ ਹਲਕੇ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 14 ਨਵੰਬਰ ਨੂੰ ਆਉਣਗੇ।
‘ਆਪ’ ਨੇ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਲਈ ਪੂਰੀ ਤਾਕਤ ਝੋਕੀ ਰੱਖੀ। ਪਿਛਲੇ ਦਿਨੀਂ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ,‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਿਸੋਦੀਆ ਨੇ ਸ਼ਮੂਲੀਅਤ ਕੀਤੀ। ‘ਆਪ’ ਸਰਕਾਰ ਨੇ ਆਪਣੇ ਸਾਰੇ ਵਜ਼ੀਰ ਅਤੇ ਵਿਧਾਇਕ ਇਸ ਹਲਕੇ ’ਚ ਤਾਇਨਾਤ ਕੀਤੇ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੀ ਜਿੱਤ ਖ਼ਾਤਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਕਰੋ ਜਾਂ ਮਰੋ’ ਵਾਲੀ ਸਥਿਤੀ ਵਿੱਚ ਹਨ। ਅਕਾਲੀ ਦਲ ਨੇ ਹਲਕੇ ’ਚ ਵਰਕਰਾਂ ਤੇ ਆਗੂਆਂ ਤੇ ਪੁਲੀਸ ਦੇ ਜਬਰ ਨੂੰ ਉਭਾਰਿਆ। ਹਲਕੇ ’ਚ ‘ਗੈਂਗਸਟਰਵਾਦ’ ਵੱਡੇ ਮੁੱਦੇ ਵਜੋਂ ਉਭਰਿਆ ਰਿਹਾ। ਇਸ ਹਲਕੇ ’ਚ ਅਕਾਲੀ ਦਲ ਪੂਰੀ ਟੱਕਰ ’ਚ ਦੱਸਿਆ ਜਾ ਰਿਹਾ ਹੈ।
ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਵਿਵਾਦਾਂ ’ਚ ਘਿਰੇ ਰਹੇ ਜਿਸ ਨਾਲ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਦੀ ਚੋਣ ਮੁਹਿੰਮ ’ਤੇ ਵੀ ਅਸਰ ਪਿਆ। ਕਾਂਗਰਸ ਦੇ ਚੋਣ ਪ੍ਰਚਾਰ ਲਈ ਜਿੱਥੇ ਕੋਈ ਵੱਡਾ ਚਿਹਰਾ ਨਜ਼ਰ ਨਹੀਂ ਆਇਆ ਉੱਥੇ ਹੀ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਪ੍ਰਚਾਰ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਵਜ਼ੀਰਾਂ ਨੇ ਸਮਾਂ ਕੱਢਿਆ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ ਮਨਦੀਪ ਸਿੰਘ ਲਈ ਪੰਥਕ ਤਾਕਤਾਂ ਨੇ ਚੋਣ ਮੈਦਾਨ ਭਖਾਇਆ।
ਤਰਨ ਤਾਰਨ ਹਲਕੇ ’ਚ ਨਿਗਰਾਨੀ ਰਿਟਰਨਿੰਗ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਤੇ ਮੁੱਖ ਚੋਣ ਅਧਿਕਾਰੀ ਪੱਧਰ ’ਤੇ ਚੋਣ ਕਮਿਸ਼ਨ ਦੀ ਦੇਖ ਰੇਖ ਹੇਠ ਚੋਣ ਹੋਵੇਗੀ ਅਤੇ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ 46 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਤਰਨ ਤਾਰਨ ਦੇ ਚੋਣ ਮੈਦਾਨ ’ਚ ਦੋ ਔਰਤਾਂ ਸਮੇਤ 15 ਉਮੀਦਵਾਰ ਹਨ। ਹਲਕੇ ਦੇ ਕੁੱਲ 1,92,838 ਵੋਟਰ ਹਨ ਜਿਨ੍ਹਾਂ ’ਚੋਂ 1,00,933 ਔਰਤ ਤੇ 91,897 ਪੁਰਸ਼ ਵੋਟਰ ਹਨ। ਅੱਠ ਵੋਟਾਂ ਥਰਡ ਜੈਂਡਰ ਦੀਆਂ ਹਨ।
ਚੋਣਾਂ ਦੀ ਤਿਆਰੀ ਮੁਕੰਮਲ: ਸਿਬਿਨ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਕਿਹਾ ਕਿ ਚੋਣ ਮਸ਼ੀਨਰੀ ਵੱਲੋਂ ਕਾਨੂੰਨ ਤੇ ਪ੍ਰਬੰਧ ਦੀ ਕਿਸੇ ਵੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਹਲਕਾ ਤਰਨ ਤਾਰਨ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਬਿਨਾਂ ਕਿਸੇ ਡਰ ਦੇ ਵੋਟ ਪਾਉਣ। ਉਨ੍ਹਾਂ ਦੱਸਿਆ ਕਿ ਹਲਕੇ ਦੇ 222 ਪੋਲਿੰਗ ਸਟੇਸ਼ਨਾਂ ’ਤੇ ਲਾਜ਼ਮੀ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਹਨ। ਤਰਨ ਤਾਰਨ ਹਲਕੇ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਦਰਜਨ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਕਿਸੇ ਵੀ ਜ਼ਿਮਨੀ ਚੋਣ ’ਚ ਕੇਂਦਰੀ ਬਲਾਂ ਦੀ ਇਹ ਸਭ ਤੋਂ ਵੱਡੀ ਤਾਇਨਾਤੀ ਹੈ।
ਜ਼ਿਮਨੀ ਚੋਣ ਦੌਰਾਨ ਦਰਜ ਕੇਸਾਂ ਦੀ ਸਮੀਖਿਆ ਦੇ ਹੁਕਮ
ਚੰਡੀਗੜ੍ਹ (ਚਰਨਜੀਤ ਭੁੱਲਰ): ਚੋਣ ਕਮਿਸ਼ਨ ਨੇ ਅੱਜ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਦਰਜ ਝੂਠੇ ਪੁਲੀਸ ਕੇਸਾਂ ਅਤੇ ਗ੍ਰਿਫ਼ਤਾਰੀਆਂ ਦੀ ਸਮੀਖਿਆ ਕਰਨ ਦੇ ਹੁਕਮ ਜਾਰੀ ਕਰਦਿਆਂ 36 ਘੰਟਿਆਂ ਅੰਦਰ ਇਸ ਸਬੰਧੀ ਰਿਪੋਰਟ ਦੇਣ ਲਈ ਕਿਹਾ ਹੈ। ਚੋਣ ਅਧਿਕਾਰੀ ਨੇ ਅੱਜ ਪੰਜਾਬ ਦੇ ਡੀ ਜੀ ਪੀ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਹਨ ਕਿ ਘੱਟੋ-ਘੱਟ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਤੋਂ ਮਾਮਲੇ ਦੀ ਜਾਂਚ ਕਰਾਈ ਜਾਵੇ।
ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਲਈ ਡੀ ਜੀ ਪੀ ਨੇ ਸਪੈਸ਼ਲ ਡੀ ਜੀ ਪੀ (ਟੈਕਨੀਕਲ ਸਪੋਰਟ ਸਰਵਿਸਿਜ਼) ਰਾਮ ਸਿੰਘ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ। ਡੀ ਜੀ ਪੀ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਦਰਜ ਪੁਲੀਸ ਕੇਸਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। ਚੇਤੇ ਰਹੇ ਕਿ ਭਾਰਤੀ ਚੋਣ ਕਮਿਸ਼ਨ ਨੇ ਗੰਭੀਰ ਕੁਤਾਹੀਆਂ ਦੇ ਮੱਦੇਨਜ਼ਰ ਬੀਤੇ ਦਿਨ ਤਰਨ ਤਾਰਨ ਦੀ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ।
ਪੁਲੀਸ ਨਿਗਰਾਨ ਨੇ ਚੋਣ ਕਮਿਸ਼ਨ ਨੂੰ ਸੌਂਪੀ ਰਿਪੋਰਟ ’ਚ ਤਰਨ ਤਾਰਨ ਪੁਲੀਸ ਤੋਂ ਇਲਾਵਾ ਗੁਆਂਢੀ ਸੂਬਿਆਂ ਦੀ ਪੁਲੀਸ ਦੇ ਚੋਣ ਪ੍ਰਚਾਰ ਦੌਰਾਨ ਦਖਲ ਨੂੰ ਨਿਰਪੱਖ ਚੋਣਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਚੋਣ ਕਮਿਸ਼ਨ ਨੇ ਤਰਨ ਤਾਰਨ ਹਲਕੇ ’ਚ ਕੇਂਦਰੀ ਬਲ ਤਾਇਨਾਤ ਕੀਤੇ ਹਨ ਹਾਲਾਂਕਿ ਪਿਛਲੀਆਂ ਜ਼ਿਮਨੀ ਚੋਣਾਂ ’ਚ ਕੇਂਦਰੀ ਬਲ ਲਗਾਏ ਜਾਣ ਤੋਂ ਗੁਰੇਜ਼ ਕੀਤਾ ਜਾਂਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਹਲਕੇ ’ਚ ਅਕਾਲੀ ਆਗੂਆਂ ਅਤੇ ਵਰਕਰਾਂ ’ਤੇ ਝੂਠੇ ਪੁਲੀਸ ਕੇਸ ਦਰਜ ਕੀਤੇ ਜਾਣ ਤੇ ਅਕਾਲੀ ਵਰਕਰਾਂ ਨੂੰ ਧਮਕਾਏ ਜਾਣ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਈ ਸੀ। ਚੋਣ ਕਮਿਸ਼ਨ ਕੋਲ ਇਹ ਸ਼ਿਕਾਇਤ ਵੀ ਕੀਤੀ ਗਈ ਕਿ ਕਈ ਜ਼ਿਲ੍ਹਿਆਂ ਦੇ ਸੀ ਆਈ ਏ ਦਾ ਸਮੁੱਚਾ ਸਟਾਫ਼ ਤਰਨ ਤਾਰਨ ਚੋਣ ’ਚ ਕੁੱਦਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਹੁਣ ਅਕਾਲੀ ਵਰਕਰਾਂ ਨੂੰ ਨਿਰਪੱਖ ਜਾਂਚ ਹੋਣ ਤੇ ਇਨਸਾਫ਼ ਦੀ ਆਸ ਬੱਝੀ ਹੈ।
ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਪੰਜਾਬ ਪੁਲੀਸ ਵੀ ਨਿਸ਼ਾਨੇ ’ਤੇ ਰਹੀ ਹੈ। ਸੋਸ਼ਲ ਮੀਡੀਆ ’ਤੇ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਦੀ ਲੜਕੀ ਕੰਚਨ ਨੇ ਪੁਲੀਸ ’ਤੇ ਉਸ ਦਾ ਦਿਨ ਰਾਤ ਪਿੱਛਾ ਕਰਨ ਦੇ ਦੋਸ਼ ਲਾਏ ਸਨ।
