ਸ਼ੁਭਾਂਸ਼ੂ ਸਣੇ ਚਾਰ ਪੁਲਾੜ ਯਾਤਰੀਆਂ ਦੀ ਧਰਤੀ ’ਤੇ ਵਾਪਸੀ ਦਾ ਸਫ਼ਰ ਸ਼ੁਰੂ
ਨਵੀਂ ਦਿੱਲੀ, 14 ਜੁਲਾਈ
ਡਰੈਗਨ ਗਰੇਸ ਪੁਲਾੜ ਜਹਾਜ਼ ਦੇ ਅੱਜ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੋਂ ਵੱਖ ਹੋਣ ਨਾਲ ਸ਼ੁਭਾਂਸ਼ੂ ਸ਼ੁਕਲਾ ਅਤੇ ਐਕਸੀਓਮ-4 ਮਿਸ਼ਨ ਦੇ ਤਿੰਨ ਹੋਰ ਪੁਲਾੜ ਯਾਤਰੀਆਂ ਦਾ ਧਰਤੀ ’ਤੇ ਵਾਪਸੀ ਦਾ ਸਫਰ ਸ਼ੁਰੂ ਹੋ ਗਿਆ ਹੈ। 18 ਦਿਨਾਂ ਤੋਂ ਇਹ ਚਾਰੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸਨ। ਸ਼ੁਕਲਾ, ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹਨ। ਡਰੈਗਨ ਗਰੇਸ ਪੁਲਾੜ ਜਹਾਜ਼ ਦੇ ਭਲਕੇ 15 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 3.01 ਵਜੇ ਕੈਲੀਫੋਰਨੀਆ ਦੇ ਤੱਟ ’ਤੇ ਪਹੁੰਚਣ ਦੀ ਸੰਭਾਵਨਾ ਹੈ।
ਡਰੈਗਨ ਪੁਲਾੜ ਜਹਾਜ਼ ਆਈਐੱਸਐੱਸ ਤੋਂ ਭਾਰਤੀ ਸਮੇਂ ਅਨੁਸਾਰ ਸ਼ਾਮ 4.45 ਵਜੇ ਵੱਖ ਹੋਇਆ। ਇਸ ਵਿੱਚ ਮੂਲ ਪ੍ਰੋਗਰਾਮ ਤੋਂ 10 ਮਿੰਟ ਦੀ ਦੇਰੀ ਹੋਈ ਅਤੇ ਪ੍ਰਯੋਗਸ਼ਾਲਾ ਤੋਂ ਦੂਰ ਜਾਣ ਲਈ ਉਸ ਨੇ ਦੋ ਵਾਰ ਥ੍ਰਸਟਰਜ਼ ਚਾਲੂ ਕੀਤੇ। ਸ਼ੁਕਲਾ, ਕਮਾਂਡਰ ਪੈਗੀ ਵ੍ਹਿਟਸਨ ਅਤੇ ਮਿਸ਼ਨ ਮਾਹਿਰ ਪੋਲੈਂਡ ਦੇ ਸਲਾਵੋਜ਼ ਉਜ਼ਨਾਨਸਕੀ ਵਿਸਨੀਵਸਕੀ ਤੇ ਹੰਗਰੀ ਦੇ ਟਿਬੋਰ ਕਾਪੂ ਸਮੇਤ ਐਕਸੀਓਮ-4 ਦੀ ਚਾਲਕ ਟੀਮ ਨੇ 26 ਜੂਨ ਨੂੰ ਆਈਐੱਸਐੱਸ ਨਾਲ ਜੁੜਨ ਤੋਂ ਬਾਅਦ ਤਕਰੀਬਨ 76 ਲੱਖ ਮੀਲ ਦੀ ਦੂਰੀ ਤੈਅ ਕਰਦਿਆਂ ਧਰਤੀ ਦੇ ਚਾਰੋਂ ਪਾਸੇ ਤਕਰੀਬਨ 433 ਘੰਟੇ ਜਾਂ 18 ਦਿਨਾਂ ਅੰਦਰ 288 ਪਰਿਕਰਮਾਵਾਂ ਕੀਤੀਆਂ। ਗਲੇ ਮਿਲਣ ਤੇ ਹੱਥ ਮਿਲਾਉਣ ਮਗਰੋਂ ਚਾਰੇ ਪੁਲਾੜ ਯਾਤਰੀ ਅਨਡੌਕਿੰਗ ਤੋਂ ਤਕਰੀਬਨ ਦੋ ਘੰਟੇ ਪਹਿਲਾਂ ਡਰੈਗਨ ਪੁਲਾੜ ਜਹਾਜ਼ ਅੰਦਰ ਦਾਖਲ ਹੋਏ, ਆਪਣੇ ਸਪੇਸ ਸੂਟ ਪਹਿਨੇ ਅਤੇ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2.37 ਵਜੇ ਪੁਲਾੜ ਜਹਾਜ਼ ਨੂੰ ਆਈਐੱਸਐੱਸ ਨਾਲ ਜੋੜਨ ਵਾਲੇ ਹੈਚ ਬੰਦ ਕਰ ਦਿੱਤੇ ਗਏ। ਬੀਤੇ ਦਿਨ ਆਈਐੱਸਐੱਸ ’ਤੇ ਵਿਦਾਈ ਸਮਾਗਮ ’ਚ ਸ਼ੁਕਲਾ ਨੇ ਕਿਹਾ ਸੀ, ‘ਜਲਦੀ ਹੀ ਧਰਤੀ ’ਤੇ ਮੁਲਾਕਾਤ ਕਰਦੇ ਹਾਂ।’ ਪੁਲਾੜ ਸਟੇਸ਼ਨ ਨੇੜਲੇ ਸੁਰੱਖਿਅਤ ਖੇਤਰ ’ਚੋਂ ਬਾਹਰ ਨਿਕਲਣ ਮਗਰੋਂ ਪੁਲਾੜ ਯਾਤਰੀਆਂ ਨੇ ਧਰਤੀ ਦੀ ਵਾਪਸੀ ਦੀ 22.5 ਘੰਟੇ ਦੀ ਯਾਤਰਾ ਲਈ ਆਪਣੇ ਸਪੇਸ ਸੂਟ ਉਤਾਰ ਦਿੱਤੇ। ਧਰਤੀ ’ਤੇ ਪਹੁੰਚਣ ਮਗਰੋਂ ਚਾਰੇ ਪੁਲਾੜ ਯਾਤਰੀਆਂ ਨੂੰ ਪੁਨਰਵਾਸ ’ਚ ਸੱਤ ਦਿਨ ਬਿਤਾਉਣੇ ਪੈਣਗੇ। -ਪੀਟੀਆਈ
ਸ਼ੁਭਾਂਸ਼ੂ ਸ਼ੁਕਲਾ ਦੀ ਵਾਪਸੀ ਨੂੰ ਲੈ ਕੇ ਪਰਿਵਾਰ ਉਤਸ਼ਾਹਿਤ
ਲਖਨਊ: ਪੁਲਾੜ ਯਾਤਰਾ ਤੋਂ ਵਾਪਸ ਆ ਰਹੇ ਸ਼ੁਭਾਂਸ਼ੂ ਸ਼ੁਕਲਾ ਦਾ ਲਖਨਊ ’ਚ ਰਹਿ ਰਿਹਾ ਪਰਿਵਾਰ ਉਸ ਦੀ ਸੁਰੱਖਿਅਤ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਅਤੇ ਪਰਿਵਾਰ ਨੇ ਇਸ ਨੂੰ ਬਹੁਤ ਹੀ ਮਾਣ ਤੇ ਉਤਸ਼ਾਹ ਦਾ ਮੌਕਾ ਦੱਸਿਆ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ। ਸ਼ੁਭਾਂਸ਼ੂ ਨੇ ਉਨ੍ਹਾਂ ਨੂੰ ‘ਇੱਕ ਬੱਚੇ ਵਾਂਗ’ ਪੁਲਾੜ ਦੇ ਨਜ਼ਾਰੇ ਦਿਖਾਏ। ਅੱਜ ਲਖਨਊ ਸਥਿਤ ਰਿਹਾਇਸ਼ ’ਤੇ ਪੀਟੀਆਈ ਨਾਲ ਗੱਲ ਕਰਦਿਆਂ ਸ਼ੁਭਾਂਸ਼ੂ ਦੇ ਪਿਤਾ ਸ਼ੰਭੂ ਦਿਆਲ ਸ਼ੁਕਲਾ ਨੇ ਆਪਣੇ ਪੁੱਤਰ ਦੇ ਪੁਲਾੜ ਮਿਸ਼ਨ ’ਚ ਸਹਿਯੋਗ ਲਈ ਜਨਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਅਸੀਂ ਆਪਣੇ ਪੁੱਤਰ ਨੂੰ ਆਸ਼ੀਰਵਾਦ ਦੇਣ ਲਈ ਜਨਤਾ ਤੇ ਮਾਣਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਦਾ ਮਿਸ਼ਨ ਖਤਮ ਹੋ ਰਿਹਾ ਹੈ ਅਤੇ ਅਸੀਂ ਸਾਰੇ ਉਨ੍ਹਾਂ ਦਾ ਸਵਾਗਤ ਕਰਨ ਲਈ ਤਿਆਰ ਹਾਂ। ਹਾਲਾਂਕਿ ਅਸੀਂ ਉਸ ਨੂੰ ਤੁਰੰਤ ਨਹੀਂ ਮਿਲ ਸਕਾਂਗੇ ਕਿਉਂਕਿ ਉਹ ਪਹਿਲਾਂ ਅਮਰੀਕਾ ਜਾਣਗੇ। ਫਿਰ ਵੀ ਅਸੀਂ ਉਸ ਨੂੰ ਜਲਦੀ ਮਿਲਣ ਲਈ ਉਤਸ਼ਾਹਿਤ ਹਾਂ।’ ਸ਼ੁਭਾਂਸ਼ੂ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਪੂਰਾ ਪਰਿਵਾਰ ਖੁਸ਼ੀ ਤੇ ਉਤਸ਼ਾਹ ਨਾਲ ਭਰਿਆ ਹੋਇਆ ਹੈ। ਸ਼ੁਭਾਂਸ਼ੂ ਦੀ ਭੈਣ ਸੁਚੀ ਸ਼ੁਕਲਾ ਨੇ ਕਿਹਾ ਕਿ ਉਹ ਉਤਸ਼ਾਹਿਤ ਵੀ ਹਨ ਤੇ ਘਬਰਾਏ ਹੋਏ ਵੀ ਹਨ ਕਿਉਂਕਿ ਜਦੋਂ ਤੱਕ ਪੁਲਾੜ ਜਹਾਜ਼ ਧਰਤੀ ’ਤੇ ਨਹੀਂ ਆਉਂਦਾ, ਉਦੋਂ ਤੱਕ ਥੋੜ੍ਹੀ ਬੇਚੈਨੀ ਤਾਂ ਰਹਿੰਦੀ ਹੀ ਹੈ। -ਪੀਟੀਆਈ
ਪੂਰੇ ਦੇਸ਼ ਨੂੰ ਸ਼ੁਭਾਂਸ਼ੂ ਦੀ ਵਾਪਸੀ ਦੀ ਉਡੀਕ: ਜੀਤੇਂਦਰ ਸਿੰਘ
ਨਵੀਂ ਦਿੱਲੀ: ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀਆਂ ਦੀ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵਾਪਸੀ ਦੇ ਮੱਦੇਨਜ਼ਰ ਵਿਗਿਆਨ ਤੇ ਤਕਨੀਕ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਸ਼ੁਭਾਂਸ਼ੂ, ਤੁਹਾਡਾ ਸਵਾਗਤ ਹੈ। ਪੂਰਾ ਦੇਸ਼ ਤੁਹਾਡੇ ਘਰ ਵਾਪਸ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਐਕਸੀਓਮ-4 ਦੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਸਫਲਤਾ ਨਾਲ ਵੱਖ ਹੋਣ ਮਗਰੋਂ ਤੁਹਾਡੀ ਵਾਪਸੀ ਯਾਤਰਾ ਸ਼ੁਰੂ ਹੋ ਰਹੀ ਹੈ।’ -ਪੀਟੀਆਈ