ਸਰਕਾਰ ਵੱਲੋਂ ‘ਪੀਐੈੱਮ-ਕਿਸਾਨ’ ਯੋਜਨਾ ਦੀ 18ਵੀਂ ਕਿਸ਼ਤ ਜਾਰੀ
ਨਵੀਂ ਦਿੱਲੀ, 6 ਦਸੰਬਰ
ਸਰਕਾਰ ਨੇ ‘ਪੀਐੱਮ-ਕਿਸਾਨ’ ਯੋਜਨਾ ਦੀ 18ਵੀਂ ਕਿਸ਼ਤ ਤਹਿਤ 9.58 ਕਰੋੜ ਤੋਂ ਵੱਧ ਕਿਸਾਨਾਂ ਨੂੰ 20,657 ਕਰੋੜ ਰੁਪਏ ਵੰਡੇ ਹਨ। ਰਾਜ ਸਭਾ ਵਿੱਚ ਖੇਤੀਬਾੜੀ ਰਾਜ ਮੰਤਰੀ ਰਾਮ ਨਾਥ ਠਾਕੁਰ ਨੇ ਦੱਸਿਆ ਕਿ ਅਗਸਤ-ਨਵੰਬਰ 2024 ਦੀ ਮਿਆਦ ਲਈ ‘ਪੀਐੱਮ-ਕਿਸਾਨ’ ਯੋਜਨਾ ਦੀ 18ਵੀਂ ਕਿਸ਼ਤ ਤਹਿਤ 9,58,97,635 ਕਿਸਾਨਾਂ ਨੂੰ 20,657.36 ਕਰੋੜ ਰੁਪਏ ਮਿਲੇ ਹਨ। ‘ਪੀਐੱਮ-ਕਿਸਾਨ’ ਕੇਂਦਰੀ ਯੋਜਨਾ ਹੈ, ਜੋ ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿੱਚ ਜ਼ਮੀਨ ਧਾਰਕ ਕਿਸਾਨਾਂ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ, ‘ਇਸ ਯੋਜਨਾ ਤਹਿਤ ਕਿਸਾਨਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਤਿੰਨ ਬਰਾਬਰ ਕਿਸ਼ਤਾਂ ’ਚ 6,000 ਰੁਪਏ ਪ੍ਰਤੀ ਸਾਲ ਭੇਜੇ ਜਾਂਦੇ ਹਨ।’ ਠਾਕੁਰ ਨੇ ਦੱਸਿਆ ਕਿ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਤਸਦੀਕ ਵਿੱਚ ਪੂਰੀ ਪਾਰਦਰਸ਼ਤਾ ਬਣਾਈ ਰੱਖਦਿਆਂ ਭਾਰਤ ਸਰਕਾਰ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18 ਕਿਸ਼ਤਾਂ ਵਿੱਚ 3.46 ਲੱਖ ਕਰੋੜ ਤੋਂ ਵੱਧ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਹਨ। -ਪੀਟੀਆਈ