ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ ਦਾ ਪਹਿਲਾ ਹਫ਼ਤਾ

ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਐੱਸਆਈਅਾਰ ਤੇ ਹੋਰ ਮੰਗਾਂ ਨੂੰ ਲੈ ਕੇ ਹੰਗਾਮਾ
ਸੰਸਦ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਰਾਹੁਲ ਗਾਂਧੀ, ਡਿੰਪਲ ਯਾਦਵ ਅਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਸੰਸਦ ’ਚ ਵਿਰੋਧੀ ਧਿਰ ਵੱਲੋਂ ਬਿਹਾਰ ’ਚ ਵੋਟਰ ਸੂਚੀ ’ਚ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਸਮੇਤ ਵੱਖ ਵੱਖ ਮੁੱਦਿਆਂ ’ਤੇ ਹੰਗਾਮੇ ਕਾਰਨ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਜਾਰੀ ਖੜੋਤ ਅੱਜ ਵੀ ਖਤਮ ਨਹੀਂ ਹੋਈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਇੱਕ-ਇੱਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।

ਲੋਕ ਸਭਾ ’ਚ ਅੱਜ ਸਵੇਰੇ 11 ਵਜੇ ਜਿਵੇਂ ਹੀ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ‘ਐੱਸਆਈਆਰ’ ਦੇ ਮੁੱਦੇ ’ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਦੇ ਤਖਤੀਆਂ ਦਿਖਾਉਣ ਤੇ ਨਾਅਰੇਬਾਜ਼ੀ ਕਰਨ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਸ਼ਾਂਤ ਹੋਣ ਦੀ ਅਪੀਲ ਕੀਤੀ। ਇਸ ਮਗਰੋਂ ਉਨ੍ਹਾਂ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਸਦਨ ਦੋ ਵਜੇ ਮੁੜ ਜੁੜਿਆ ਤਾਂ ਵਿਰੋਧੀ ਧਿਰ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਓਮ ਬਿਰਲਾ ਨੇ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।

Advertisement

ਦੂਜੇ ਪਾਸੇ ਰਾਜ ਸਭਾ ’ਚ 11 ਵਜੇ ਮੀਟਿੰਗ ਸ਼ੁਰੂ ਹੋਣ ’ਤੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਯਮ 267 ਤਹਿਤ 28 ਕੰਮ ਰੋਕੂ ਮਤੇ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਖਾਰਜ ਕੀਤਾ ਗਿਆ ਹੈ। ਇਸ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਰੋਸ ਜਤਾਇਆ ਤੇ ਆਪੋ-ਆਪਣੇ ਮੁੱਦਿਆਂ ’ਤੇ ਚਰਚਾ ਦੀ ਮੰਗ ਕਰਦਿਆਂ ਹੰਗਾਮਾ ਕਰਨ ਲੱਗੇ। ਹੰਗਾਮੇ ਕਾਰਨ ਉੱਪਰਲੇ ਸਦਨ ਦੀ ਕਾਰਵਾਈ ਪਹਿਲਾਂ ਸਵੇਰੇ 11.20 ਤੋਂ ਦੁਪਹਿਰ 12 ਵਜੇ ਤੱਕ ਅਤੇ ਫਿਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।

‘ਐੱਸਆਈਆਰ’ ਲਿਖੇ ਪੋਸਟਰ ਪਾੜ ਕੇ ਕੂੜੇਦਾਨ ’ਚ ਸੁੱਟੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਣੇ ਵਿਰੋਧੀ ਗੱਠਜੋੜ ਇੰਡੀਆ ’ਚ ਸ਼ਾਮਲ ਕਈ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਖ਼ਿਲਾਫ਼ ਅੱਜ ਸੰਸਦ ਭਵਨ ਕੰਪਲੈਕਸ ’ਚ ਰੋਸ ਮਾਰਚ ਕੀਤਾ ਅਤੇ ਸੰਕੇਤਕ ਵਿਰੋਧ ਕਰਦਿਆਂ ਐੱਸਆਈਆਰ ਲਿਖੇ ਪੋਸਟਰ ਪਾੜ ਕੇ ਕੂੜੇਦਾਨ ’ਚ ਸੁੱਟੇ। ਵਿਰੋਧੀ ਧਿਰ ਦੇ ਆਗੂਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਤੋਂ ਸੰਸਦ ਭਵਨ ਦੇ ‘ਮਕਰ ਦੁਆਰ’ ਤੱਕ ਮਾਰਚ ਕੱਢਿਆ। ਇਸ ਵਿਰੋਧ ਪ੍ਰਦਰਸ਼ਨ ’ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ, ਟੀਐੱਮਸੀ, ਆਰਜੇਡੀ ਤੇ ਕਈ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹੋਏ। ਸੰਸਦੀ ਕੰਪਲੈਕਸ ’ਚ ਹੀ ਵਿਰੋਧੀ ਆਗੂਆਂ ਨੇ ਪ੍ਰਤੀਕਾਤਮਕ ਵਿਰੋਧ ਕਰਦਿਆਂ ਇੱਕ ਕੂੜੇਦਾਨ ਰੱਖਿਆ ਤੇ ਫਿਰ ਐੱਸਆਈਆਰ ਲਿਖੇ ਪੋਸਟਰ ਪਾੜ ਕੇ ਉਸ ’ਚ ਸੁੱਟੇ। ਖੜਗੇ, ਰਾਹੁਲ ਗਾਂਧੀ ਤੇ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਅਜਿਹਾ ਕੀਤਾ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਗਰੀਬਾਂ, ਦਲਿਤਾਂ, ਕਬਾਇਲੀਆਂ, ਪੱਛੜੇ ਵਰਗਾਂ, ਘੱਟ ਗਿਣਤੀਆਂ ਤੇ ਵਾਂਝੇ ਵਰਗ ਦੇ ਲੋਕਾਂ ਦੀਆਂ ਵੋਟਾਂ ਕੱਟਣਾ ਚਾਹੁੰਦੀ ਹੈ ਤਾਂ ਜੋ ਉਹ ਸੰਵਿਧਾਨ ਵਿੱਚ ਮਨੂ ਸਮ੍ਰਿਤੀ ਅਨੁਸਾਰ ਤਬਦੀਲੀ ਕਰ ਸਕੇ। -ਪੀਟੀਆਈ

Advertisement