ਵੰਦੇ ਮਾਤਰਮ ਦੇ ਟੋਟੇ ਹੋਣ ਕਾਰਨ ਦੇਸ਼ ਵੰਡ ਹੋਈ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ’ਚ ਕਿਹਾ ਕਿ ਵੰਦੇ ਮਾਤਰਮ ਦੇ ਟੁਕੜੇ ਕੀਤੇ ਜਾਣ ਕਾਰਨ ਦੇਸ਼ ’ਚ ਤੁਸ਼ਟੀਕਰਨ ਦੀ ਸਿਆਸਤ ਸ਼ੁਰੂ ਹੋਈ ਜੋ ਦੇਸ਼ ਵੰਡ ਦਾ ਕਾਰਨ ਬਣੀ। ਉਨ੍ਹਾਂ ਕੌਮੀ ਗੀਤ ਦੇ 150 ਸਾਲ ਮੁਕੰਮਲ ਹੋਣ ਮੌਕੇ ਕਰਵਾਈ ਜਾ ਰਹੀ ਬਹਿਸ ਨੂੰ ਪੱਛਮੀ ਬੰਗਾਲ ਦੀਆਂ ਚੋਣਾਂ ਨਾਲ ਜੋੜਨ ਲਈ ਵਿਰੋਧੀ ਧਿਰ ਦੀ ਆਲੋਚਨਾ ਵੀ ਕੀਤੀ।
ਉੱਪਰਲੇ ਸਦਨ ’ਚ ਬਹਿਸ ਸ਼ੁਰੂ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ ਦੇ ਮੰਤਰ ਨੇ ਭਾਰਤ ਦੇ ਸੱਭਿਆਚਾਰਕ ਰਾਸ਼ਟਵਾਦ ਨੂੰ ਜਗਾਇਆ ਅਤੇ ਇਹ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਜਿੰਨਾ ਆਜ਼ਾਦੀ ਸੰਘਰਸ਼ ਸਮੇਂ ਸੀ। ਇਹ ਗੀਤ ਆਉਣ ਵਾਲੇ ਸਮੇਂ ’ਚ ਵੀ ਪ੍ਰਸੰਗਿਕ ਰਹੇਗਾ ਅਤੇ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲਿਜਾ ਰਿਹਾ ਹੈ। ਉਨ੍ਹਾਂ ਵੰਦੇ ਮਾਤਰਮ ’ਤੇ ਹੋ ਰਹੀ ਬਹਿਸ ’ਤੇ ਸਵਾਲ ਉਠਾਉਣ ਲਈ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਗੀਤ ਦੇ ਟੁਕੜੇ ਕਰ ਦਿੱਤੇ ਅਤੇ ਇਸ ਨੂੰ ਸਿਰਫ਼ ਦੋ ਪੈਰਿਆਂ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰ੍ਹਾਂ ਕਈ ਹੋਰ ਵੀ ਇਹ ਮੰਨਦੇ ਹਨ ਕਿ ਜੇ ‘ਵੰਦੇ ਮਾਤਰਮ’ ਦੇ ਟੁਕੜੇ ਨਾ ਕੀਤੇ ਜਾਂਦੇ ਤਾਂ ਦੇਸ਼ ਦੀ ਵੰਡ ਨਹੀਂ ਹੋਣੀ ਸੀ।
ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਕੌਮੀ ਗੀਤ ਵੰਦੇ ਮਾਤਰਮ ਨੂੰ ਮਾਤ-ਭੂਮੀ ਪ੍ਰਤੀ ਪਿਆਰ ਦੀ ਭਾਵਨਾ ਨਾਲ ਦੇਸ਼ ਨੂੰ ਜੋੜਨ ਵਾਲਾ ‘ਅਮਰ ਗੀਤ’ ਕਰਾਰ ਦਿੰਦਿਆਂ ਸਾਰਿਆਂ ਨੂੰ ਏਕਤਾ ਤੇ ਕੌਮੀ ਸੇਵਾ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਗੀਤ ਉਨ੍ਹਾਂ ਬਹਾਦਰ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਵਾਉਂਦਾ ਹੈ ਜੋ ਇਹ ਗੀਤ ਗਾਉਂਦੇ ਹੋਏ ਫਾਂਸੀ ਦੇ ਤਖ਼ਤੇ ’ਤੇ ਚੜ੍ਹ ਗਏ।
