ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਮ੍ਰਿਤਕ ਦੇਹ ਸੁਲੂਰ ਏਅਰ ਬੇਸ ਪੁੱਜੀ
ਦੁਬਈ ਏਅਰ ਸ਼ੋਅ ਦੌਰਾਨ ਐਲਸੀਏ ਤੇਜਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ ਕੋਇੰਬਟੂਰ ਦੇ ਸੁਲੂਰ ਏਅਰ ਬੇਸ ਲਿਆਂਦੀ ਗਈ। ਭਾਰਤੀ ਹਵਾਈ ਸੈਨਾ (ਆਈਏਐਫ) ਦੇ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਾਪਸ ਭੇਜਿਆ ਗਿਆ। ਅਮੀਰਾਤ ਰੱਖਿਆ ਬਲਾਂ ਨੇ ਸਿਆਲ ਦੀ ਬਹਾਦਰੀ ਅਤੇ ਸੇਵਾ ਦੇ ਸਨਮਾਨ ਵਿੱਚ ਉਸ ਨੂੰ ਰਸਮੀ ਗਾਰਡ ਆਫ਼ ਆਨਰ ਵੀ ਦਿੱਤਾ।
ਸ਼ੁੱਕਰਵਾਰ ਨੂੰ ਦੁਬਈ ਵਿਚ ਏਅਰ ਸ਼ੋਅ ਦੌਰਾਨ ਭਾਰਤ ਦਾ ਲੜਾਕੂ ਜਹਾਜ਼ ਤੇਜਸ ਹਾਦਸਾਗ੍ਰਸਤ ਹੋ ਗਿਆ ਸੀ ਤੇ ਹਾਦਸੇ ਵਿਚ ਪਾਇਲਟ ਨਮਾਂਸ਼ ਸਿਆਲ ਦੀ ਜਾਨ ਜਾਂਦੀ ਰਹੀ ਸੀ।
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਰਾਜਦੂਤ ਦੀਪਕ ਮਿੱਤਲ ਅਤੇ ਕੌਂਸੁਲੇਟ ਜਨਰਲ ਸਤੀਸ਼ ਸਿਵਾਨ ਨੇ ਵਿੰਗ ਕਮਾਂਡਰ ਨਮਾਂਸ਼ ਸਿਆਲ ਨੂੰ ਸ਼ਰਧਾਂਜਲੀ ਭੇਟ ਕੀਤੀ।
ਯੂਏਈ ਵਿੱਚ ਭਾਰਤੀ ਦੂਤਾਵਾਸ ਨੇ ਐਕਸ ’ਤੇ ਇੱਕ ਅਧਿਕਾਰਤ ਪੋਸਟ ਵਿੱਚ ਕਿਹਾ, ‘‘ਰਾਜਦੂਤ ਦੀਪਕ ਮਿੱਤਲ ਅਤੇ ਸੀਜੀ ਸਤੀਸ਼ ਸਿਵਾਨ ਨੇ ਸਵਰਗੀ ਵਿੰਗ ਕਮਾਂਡਰ ਨਮਾਂਸ਼ ਸਿਆਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਕ ਵਿਸ਼ੇਸ਼ ਆਈਏਐਫ ਜਹਾਜ਼ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲੈ ਕੇ ਆਇਆ। ਅਮੀਰਾਤ ਰੱਖਿਆ ਬਲਾਂ ਨੇ ਭਾਰਤੀ ਬਹਾਦਰ ਨੂੰ ਰਸਮੀ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ।’’
ਵਿੰਗ ਕਮਾਂਡਰ ਸਿਆਲ, ਜੋ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨਗਰੋਟਾ ਬਾਗਵਾਨ ਤੋਂ ਸੀ, ਦੇ ਪਿੱਛੇ ਉਸ ਦੀ ਪਤਨੀ (ਜੋ ਕਿ ਭਾਰਤੀ ਹਵਾਈ ਸੈਨਾ ਵਿੱਚ ਇੱਕ ਅਧਿਕਾਰੀ ਵੀ ਹੈ), ਉਨ੍ਹਾਂ ਦੀ ਛੇ ਸਾਲ ਦੀ ਧੀ ਅਤੇ ਉਸ ਦੇ ਮਾਤਾ-ਪਿਤਾ ਹਨ। ਜਿਵੇਂ ਹੀ ਇਹ ਖ਼ਬਰ ਉਸ ਦੇ ਜੱਦੀ ਪਿੰਡ ਪਹੁੰਚੀ, ਰਿਸ਼ਤੇਦਾਰ, ਗੁਆਂਢੀ ਅਤੇ ਸਥਾਨਕ ਲੋਕ ਸਦਮੇ ਅਤੇ ਦੁੱਖ ਨਾਲ ਉਸ ਦੇ ਜੱਦੀ ਘਰ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ।
ਇੱਕ ਪਿੰਡ ਵਾਸੀ ਮੇਹਰ ਚੰਦ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਸ ਹਾਦਸੇ ਬਾਰੇ ਜਾਣ ਕੇ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਹੈ। ਲੋਕ ਦੁੱਖ ਜਤਾਉਣ ਲਈ ਉਸ ਦੇ ਘਰ ਜਾ ਰਹੇ ਹਨ। ਪਰਿਵਾਰ ਇੱਥੇ ਨਹੀਂ ਹੈ, ਪਰ ਪਰਿਵਾਰ ਦੇ ਮੈਂਬਰ ਇੱਥੇ ਹਨ। ਨਮਾਂਸ਼ ਸਿਆਲ ਇੱਕ ਹੁਸ਼ਿਆਰ ਬੱਚਾ ਸੀ, ਅਤੇ ਸਾਨੂੰ ਉਸ 'ਤੇ ਮਾਣ ਹੈ।’’ ਇੱਕ ਹੋਰ ਨਿਵਾਸੀ ਮਦਨ ਨੇ ਏਐਨਆਈ ਨੂੰ ਦੱਸਿਆ, ‘‘ਅਸੀਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਜ਼ਿੰਦਗੀ ਅਤੇ ਹਿੰਮਤ ਨਾਲ ਭਰਪੂਰ ਕੋਈ ਵਿਅਕਤੀ ਹੁਣ ਸਾਡੇ ਵਿਚ ਨਹੀਂ ਹੈ। ਪੂਰਾ ਪਿੰਡ ਦੁਖੀ ਤੇ ਸਦਕੇ ਵਿਚ ਹੈ।’’ ਉਧਰ ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਦਾ ਗਠਨ ਕੀਤਾ ਜਾ ਰਿਹਾ ਹੈ।
