ਸੋਭਾ ਸਿੰਘ ਦੇ ਚਿੱਤਰ ਦੀ ਸੋਭਾ
ਗੁਰੂ ਤੇਗ ਬਹਾਦੁਰ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਜਦੋਂ ਆਨੰਦਪੁਰ ਸਾਹਿਬ ਸਣੇ ਦੇਸ਼ ਭਰ ’ਚ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਮਸ਼ਹੂਰ ਚਿੱਤਰਕਾਰ ਸੋਭਾ ਸਿੰਘ ਦਾ ਬਣਾਇਆ ਨੌਵੇਂ ਸਿੱਖ ਗੁਰੂ ਦਾ ਚਿੱਤਰ ਮੁੜ ਚਰਚਾ ਵਿੱਚ ਹੈ। ਅਸਾਮ ਤੋਂ ਲੈ ਕੇ ਪੰਜਾਬ ਤੱਕ ਸਰਕਾਰੀ ਵਿਭਾਗਾਂ, ਸੱਭਿਆਚਾਰਕ ਸੰਸਥਾਵਾਂ ਅਤੇ ਪ੍ਰਮੁੱਖ ਸਿੱਖ ਧਾਰਮਿਕ ਸੰਗਠਨਾਂ ਨੇ ਇਸ ਇਤਿਹਾਸਕ ਮੌਕੇ ਇਸ ਚਿੱਤਰ ਨੂੰ ਪ੍ਰਮੁੱਖਤਾ ਦਿੱਤੀ ਹੈ।
1975 ’ਚ ਬਣਾਇਆ ਤੇ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਸਥਿਤ ਸੋਭਾ ਸਿੰਘ ਆਰਟ ਗੈਲਰੀ ’ਚ ਲੱਗਾ ਇਹ ਚਿੱਤਰ ਗੁਰੂ ਤੇਗ ਬਹਾਦਰ ਦਾ ਸਭ ਤੋਂ ਵੱਡੇ ਪੱਧਰ ’ਤੇ ਪਛਾਣਿਆ ਜਾਂਦਾ ਚਿੱਤਰ ਹੈ। ਮਹਾਨ ਚਿੱਤਰਕਾਰ ਦੇ ਪੋਤੇ ਹਿਰਦੈ ਪਾਲ ਸਿੰਘ ਨੇ ਦੱਸਿਆ ਕਿ ਸੋਭਾ ਸਿੰਘ ਨੇ ਇਹ ਚਿੱਤਰ ਅਸਾਧਾਰਨ ਸਮਰਪਣ ਤੇ ਵਿਵਦਤਾ ਨਾਲ ਬਣਾਇਆ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ (ਸੋਭਾ ਸਿੰਘ) ਕੈਨਵਸ ’ਤੇ ਬੁਰਸ਼ ਚਲਾਉਣ ਤੋਂ ਪਹਿਲਾਂ ਇਤਿਹਾਸਕ ਤੇ ਅਕਾਦਮਿਕ ਸਰੋਤਾਂ ਦਾ ਡੂੰਘਾ ਅਧਿਐਨ ਕੀਤਾ।’’ ਸੋਭਾ ਸਿੰਘ ਨੇ ਐੱਸ ਜੀ ਪੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਪ੍ਰਕਾਸ਼ਨਾਂ ਤੇ ਵਿਸ਼ੇਸ਼ ਤੌਰ ’ਤੇ ਤ੍ਰਿਲੋਚਨ ਸਿੰਘ ਦੀ ਲਿਖੀ ਗੁਰੂ ਤੇਗ ਬਹਾਦਰ ਜੀ ਪ੍ਰਮਾਣਿਕ ਜੀਵਨੀ ਤੋਂ ਪ੍ਰੇਰਨਾ ਲਈ। ਇਸ ਚਿੱਤਰ ਦਾ ਹਰ ਤੱਤ ਸਾਲਾਂ ਦੀ ਖੋਜ ਤੇ ਅਧਿਆਤਮਿਕ ਚਿੰਤਨ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਇਸ ਚਿੱਤਰ ’ਚ ਬਹੁਤ ਸਾਰੇ ਚਿੰਨ੍ਹ ਹਨ। ਧਿਆਨ ’ਚ ਲੀਨ ਗੁਰੂ ਦੇ ਸਾਹਮਣੇ ਤਲਵਾਰ ਦੇ ਮੁੱਠੇ ਨੇੜੇ ਰੱਖੀਆਂ ਨੌਂ ਮੋਮਬੱਤੀਆਂ ਜਿਹੀਆਂ ਲਾਟਾਂ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਰੂਹਾਨੀ ਚਿੰਤਨ ਦੀ ਅਟੁੱਟ ਲੜੀ ’ਚ ਲੀਨ ਨੌਂ ਗੁਰੂਆਂ ਦੀ ਅਧਿਆਤਮਕ ਲਗਾਤਾਰਤਾ ਦੀ ਨੁਮਾਇੰਦਗੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਤਲਵਾਰ ਖੁਦ ਗੁਰੂ ਗੋਬਿੰਦ ਸਿੰਘ ਦਾ ਪ੍ਰਤੀਕ ਹੈ, ਗੁਰੂ ਤੇਗ ਬਹਾਦੁਰ ਦੇ 300ਵੇਂ ਸ਼ਹੀਦੀ ਪੁਰਬ ਮੌਕੇ ਇਸ ਚਿੱਤਰ ਦੇ 25 ਹਜ਼ਾਰ ਤੋਂ ਵੱਧ ਪ੍ਰਿੰਟ ਤਿਆਰ ਕੀਤੇ ਗਏ ਸਨ ਅਤੇ ਦੁਨੀਆ ਭਰ ’ਚ ਸਿੱਖ ਪਰਿਵਾਰ ਇਸ ਦੀਆਂ ਮੂਲ ਕਾਪੀਆਂ ਅੱਜ ਵੀ ਸੰਭਾਲ ਕੇ ਰੱਖਦੇ ਹਨ।
ਚਿੱਤਰ ਦੀ ਅਣਅਧਿਕਾਰਤ ਵਰਤੋਂ ’ਤੇ ਚਿੰਤਾ ਜਤਾਈ
ਹਿਰਦੈ ਪਾਲ ਸਿੰਘ ਨੇ ਮੌਜੂਦਾ ਯਾਦਗਾਰੀ ਸਮਾਰੋਹਾਂ ਦੌਰਾਨ ਚਿੱਤਰ ਦੀ ਅਣ-ਅਧਿਕਾਰਤ ਨਕਲਾਂ ਦੀ ਵੱਡੇ ਪੱਧਰ ’ਤੇ ਵਰਤੋਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਪ੍ਰਚਾਰ ਵਿਭਾਗਾਂ, ਪ੍ਰਬੰਧਕਾਂ ਅਤੇ ਏਜੰਸੀਆਂ ਨੇ ਇਜਾਜ਼ਤ ਲਏ ਬਿਨਾਂ ਤਸਵੀਰ ਮੁੜ ਛਾਪੀ ਹੈ ਅਤੇ ਅਕਸਰ ਚਿੱਤਰ ’ਚੋਂ ਚਿੱਤਰਕਾਰ ਦਾ ਨਾਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਨੈਤਿਕਤਾ ਅਤੇ ਕਾਨੂੰਨ ਦੀ ਮੰਗ ਹੈ ਕਿ ਕਿਸੇ ਵਿਸ਼ਵ-ਪ੍ਰਸਿੱਧ ਕਲਾਕਾਰ ਦੀ ਕਲਾਕ੍ਰਿਤ ਦੀ ਨਕਲ ਤਿਆਰ ਕਰਦੇ ਸਮੇਂ ਬਣਦਾ ਸਿਹਰਾ ਦਿੱਤਾ ਜਾਵੇ।’’
