ਚੈੱਕ ਜਮ੍ਹਾਂ ਕਰਨ ਤੋਂ ਕੁਝ ਹੀ ਘੰਟਿਆਂ ਮਗਰੋਂ ਖਾਤੇ ’ਚ ਆ ਜਾਵੇਗੀ ਰਕਮ
ਭਾਰਤੀ ਰਿਜ਼ਰਵ ਬੈਂਕ 4 ਅਕਤੂਬਰ ਤੋਂ ਬੈਂਕਾਂ ਵਿੱਚ ਚੈੱਕ ਜਮ੍ਹਾਂ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਦੇ ਅੰਦਰ ਉਸ ਦੀ ਕਲੀਅਰੈਂਸ ਲਈ ਇਕ ਨਵੀਂ ਵਿਵਸਥਾ ਸ਼ੁਰੂ ਕਰ ਰਿਹਾ ਹੈ। ਇਸ ਨਾਲ ਚੈੱਕ ਜਮ੍ਹਾਂ ਕਰਨ ਤੋਂ ਕੁਝ ਹੀ ਘੰਟਿਆਂ ਵਿੱਚ ਖਾਤੇ ’ਚ ਪੈਸਾ ਆ ਜਾਵੇਗਾ।
ਚੈੱਕ ਨੂੰ ਕੁਝ ਹੀ ਘੰਟਿਆਂ ਵਿੱਚ ਸਕੈਨ, ਪੇਸ਼ ਅਤੇ ਪਾਸ ਕੀਤਾ ਜਾਵੇਗਾ ਅਤੇ ਇਹ ਬੈਂਕ ਦੇ ਕੰਮ ਵਾਲੇ ਦਿਨਾਂ ਦੌਰਾਨ ਲਗਾਤਾਰ ਆਧਾਰ ’ਤੇ ਕੀਤਾ ਜਾਵੇਗਾ। ਕਲੀਅਰੈਂਸ ਸਾਈਕਲ ਮੌਜੂਦਾ ਟੀ 1 ਮਤਲਬ ਚੈੱਕ ਜਮ੍ਹਾਂ ਕਰਨ ਤੋਂ ਬਾਅਦ ਇਕ ਦਿਨ ਤੋਂ ਘੱਟ ਕਿ ਕੁਝ ਘੰਟੇ ਰਹਿ ਜਾਵੇਗਾ। ਚੈੱਕ ਟਰੰਕੇਸ਼ਨ ਸਿਸਟਮ (ਸੀਟੀਐੱਸ) ਮੌਜੂਦਾ ਸਮੇਂ ਵਿੱਚ ਚੈੱਕ ਨੂੰ ਕੰਮਕਾਜ ਵਾਲੇ ਦੋ ਦਿਨਾਂ ਤੱਕ ਦੇ ਸਾਈਕਲ ਵਿੱਚ ਪ੍ਰੋਸੈੱਸ ਕਰਦਾ ਹੈ। ਸੀਟੀਐੱਸ ਚੈੱਕ ਕਲੀਅਰੈਂਸ ਦੀ ਇਕ ਵਿਧੀ ਹੈ। ਇਹ ਚੈੱਕ ਨੂੰ ਭੌਤਿਕ ਤੌਰ ’ਤੇ ਲਿਆਉਣ-ਲਿਜਾਣ ਦੀ ਵਿਵਸਥਾ ਨੂੰ ਸਮਾਪਤ ਕਰਦੀ ਹੈ। ਇਸ ਦੀ ਬਜਾਏ, ਇਸ ਵਿੱਚ ਚੈੱਕ ਤੋਂ ਇਲੈਕਟ੍ਰੌਨਿਕ ਤਸਵੀਰ ਅਤੇ ਅੰਕੜੇ ਲੈ ਕੇ ਭੁਗਤਾਨ ਕਰਨ ਵਾਲੇ ਬੈਂਕ ਨੂੰ ਭੇਜਿਆ ਜਾਂਦਾ ਹੈ। ਇਹ ਪ੍ਰਕਿਰਿਆ ਕਲੀਅਰੈਂਸ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ ਅਤੇ ਸੁਰੱਖਿਆ ਵਧਾਉਂਦੀ ਹੈ।
ਆਈਸੀਆਈਸੀਆਈ ਬੈਂਕ ਨੇ ਖਾਤੇ ਦੀ ਘੱਟੋ-ਘੱਟ ਰਾਸ਼ੀ 15 ਹਜ਼ਾਰ ਕੀਤੀ
ਨਵੀਂ ਦਿੱਲੀ: ਆਈਸੀਆਈਸੀਆਈ ਬੈਂਕ ਨੇ ਯੂ-ਟਰਨ ਲੈਂਦਿਆਂ ਘੱਟੋ-ਘੱਟ ਮਾਸਿਕ ਔਸਤ ਬੈਲੇਂਸ (ਐੱਮਏਬੀ) ਦੀ ਲਾਜ਼ਮੀ ਸ਼ਰਤ 50 ਹਜ਼ਾਰ ਤੋਂ ਘਟਾ ਕੇ 15000 ਰੁਪਏ ਕਰ ਦਿੱਤੀ ਹੈ। ਬੈਂਕ ਨੇ ਕਿਹਾ ਕਿ ਗਾਹਕਾਂ ਤੋਂ ਮਿਲੀ ‘ਮੁੱਲਵਾਨ ਫੀਲਬੈਕ’ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਹੈ।
ਬੈਂਕ ਨੇ ਪਹਿਲੀ ਅਗਸਤ ਜਾਂ ਇਸ ਮਗਰੋਂ ਖੋਲ੍ਹੇ ਗਏ ਨਵੇਂ ਬੱਚਤ ਬੈਂਕ ਖਾਤਿਆਂ ਲਈ ਘੱਟੋ-ਘੱਟ ਲਾਜ਼ਮੀ ਬਕਾਇਆ ਰਾਸ਼ੀ ਪੰਜ ਗੁਣਾਂ ਵਧਾ ਕੇ 50,000 ਰੁਪਏ ਕਰ ਦਿੱਤੀ ਸੀ। -ਪੀਟੀਆਈ