ਪ੍ਰਸ਼ਾਸਨ ਨੇ ਸੰਭਲ ਵਿੱਚ ਸੁਰੱਖਿਆ ਵਧਾਈ
ਸੰਭਲ (ਯੂਪੀ), 5 ਦਸੰਬਰ
ਸੰਭਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਵੱਲੋਂ 24 ਨਵੰਬਰ ਦੀ ਹਿੰਸਾ ’ਚ ਸ਼ਾਮਲ ਲੋਕਾਂ ਦੇ ਪੋਸਟਰ ਲਾਏ ਜਾਣਗੇ ਜਦਕਿ ਦੂਜੇ ਪਾਸੇ ਪੁਲੀਸ ਨੇ ਭਲਕੇ 6 ਦਸੰਬਰ (ਸੰਨ 1992 ਵਿੱਚ ਅਯੁੱਧਿਆ ’ਚ ਬਾਬਰੀ ਮਸਜਿਦ ਢਾਹੁਣ ਦਾ ਦਿਨ) ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਆਰਏਐੱਫ ਦੀ ਇੱਕ ਕੰਪਨੀ, ਪੀਏਸੀ ਦੀਆਂ ਨੌਂ ਕੰਪਨੀਆਂ ਤੇ ਵਾਧੂ ਆਰਆਰਐੱਫ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ ਜਦਕਿ ਹਰ ਥਾਂ ਪੁਲੀਸ ਵੀ ਤਾਇਨਾਤ ਰਹੇਗੀ। ਇਸ ਦੌਰਾਨ ਪੁਲੀਸ ਨੇ ਸੰਭਲ ਹਿੰਸਾ ਵਿੱਚ 1 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਦੱਸਿਆ ਹੈ। ਜ਼ਿਲ੍ਹਾ ਮੈਜਿਸਟਰੇਟ ਰਾਜੇਂਦਰ ਪੇਂਸੀਆ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਇਸ ਹਿੰਸਾ ਵਿੱਚ ਸ਼ਾਮਲ 400 ਤੋਂ ਵੱਧ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਤੇ ਜਲਦੀ ਹੀ ਇਨ੍ਹਾਂ ਦੇ ਪੋਸਟਰ ਲਾਏ ਜਾਣਗੇ। ਹੁਣ ਤੱਕ 34 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, 83 ਦੇ ਨਾਂ ਸਾਹਮਣੇ ਆ ਚੁੱਕੇ ਹਨ ਜਦਕਿ 400 ਤੋਂ ਵੱਧ ਤਸਵੀਰਾਂ ਇਕੱਤਰ ਕੀਤੀਆਂ ਜਾ ਚੁੱਕੀਆਂ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਲਈ ਇਨਾਮ ਰੱਖਣ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮਸਜਿਦ ਵਿੱਚ ਭਲਕੇ ਨਮਾਜ਼ ਲਈ 30 ਮੈਜਿਸਟਰੇਟਾਂ ਦੀ ਤਾਇਨਾਤੀ ਕੀਤੇ ਜਾਣਗੇ। -ਪੀਟੀਆਈ
ਵਿਧਾਇਕ ਮਹਿਮੂਦ ਵੱਲੋਂ ਸੰਭਲ ’ਚ ਰਾਜਨੀਤਕ ਵਫ਼ਦ ਭੇਜਣ ਦੀ ਅਪੀਲ
ਸੰਭਲ (ਯੂਪੀ):
ਸਮਾਜਵਾਦੀ ਪਾਰਟੀ ਦੇ ਵਿਧਾਇਕ ਇਕਬਾਲ ਮਹਿਮੂਦ ਨੇ ਯੂਪੀ ਸਰਕਾਰ ਨੂੰ ਸੰਭਲ ਹਿੰਸਾ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਲਈ ਆਪਣਾ ਰਾਜਨੀਤਕ ਵਫ਼ਦ ਭੇਜਣ ਲਈ ਆਖਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸੰਭਲ ਦੇ ਵਿਧਾਇਕ ਨੇ ਦੋਸ਼ ਲਾਇਆ ਕਿ ਭਾਜਪਾ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ ਜਿਸਦੇ ਸਿੱਟੇ ਵਜੋਂ ਮੁਲਕ ਪਿੱਛੇ ਰਹਿ ਰਿਹਾ ਹੈ। -ਪੀਟੀਆਈ