ਥਾਈ ਮਹਿਲਾ ਨੇ ਏਅਰ ਇੰਡੀਆ ਐਕਸਪ੍ਰੈੱਸ ਦੀ ਮਸਕਟ-ਮੁੰਬਈ ਉਡਾਣ ’ਚ ਬੇਟੇ ਨੂੰ ਜਨਮ ਦਿੱਤਾ
ਜੱਚਾ ਬੱਚਾ ਦੋਵੇਂ ਠੀਕ, ਮੁੰਬਈ ਦੇ ਹਸਪਤਾਲ ’ਚ ਦਾਖ਼ਲ
Advertisement
ਏਅਰ ਇੰਡੀਆ ਐਕਸਪ੍ਰੈੱਸ ਦੀ ਮਸਕਟ ਤੋਂ ਮੁੰਬਈ ਆ ਰਹੀ ਉਡਾਣ ਵਿਚ ਥਾਈਲੈਂਡ ਦੀ ਇਕ ਮਹਿਲਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਉਡਾਣ ਦੇ ਅਮਲੇ ਤੇ ਫਲਾਈਟ ਵਿਚ ਮੌਜੂਦ ਨਰਸ ਨੇ ਗਰਭਵਤੀ ਮਹਿਲਾ ਦੀ ਡਲਿਵਰੀ ਵਿਚ ਮਦਦ ਕੀਤੀ।
ਬਿਆਨ ਵਿਚ ਕਿਹਾ ਗਿਆ ਕਿ ਜਿਵੇਂ ਥਾਈ ਮਹਿਲਾ ਨੂੰ ਪ੍ਰਸੂਤਾ ਪੀੜ ਹੋਈ ਤਾਂ ਜਹਾਜ਼ ਦਾ ਅਮਲਾ ਹਰਕਤ ਵਿਚ ਆ ਗਿਆ ਤੇ ਹਰ ਸੰਭਵ ਮਦਦ ਕੀਤੀ। ਇਸ ਦੌਰਾਨ ਜਹਾਜ਼ ਦੇ ਪਾਇਲਟਾਂ ਨੇ ਏਅਰ ਟਰੈਫਿਕ ਕੰਟਰੋਲਰ ਨੂੰ ਅਲਰਟ ਕਰਕੇ ਮੁੰਬਈ ਵਿਚ ਤਰਜੀਹੀ ਲੈਂਡਿੰਗ ਲਈ ਅਪੀਲ ਕੀਤੀ।
Advertisement
ਉਡਾਣ ਦੇ ਮੁੰਬਈ ਵਿਚ ਲੈਂਡ ਕਰਨ ਮੌਕੇ ਮੈਡੀਕਲ ਟੀਮਾਂ ਤੇ ਐਂਬੂਲੈਂਸ ਤਿਆਰ ਬਰ ਤਿਆਰ ਖੜ੍ਹੀ ਸੀ। ਜੱਚਾ ਬੱਚਾ ਦੋਵਾਂ ਨੂੰ ਫੌਰੀ ਨੇੜਲੇ ਹਸਪਤਾਲ ਤਬਦੀਲ ਕੀਤਾ ਗਿਆ। ਫਲਾਈਟ ਵਿਚ ਕੁੱਲ ਮੁਸਾਫ਼ਰਾਂ ਦੀ ਗਿਣਤੀ ਬਾਰੇ ਵੇਰਵੇ ਫੌਰੀ ਉਪਲਬਧ ਨਹੀਂ ਸਨ।
Advertisement