ਕੱਪੜਾ ਮੰਤਰੀ ਮਾਰਗੇਰੀਟਾ ਵੱਲੋਂ ਭਾਰਤੀਆਂ ਨਾਲ ਮੁਲਾਕਾਤ
ਭਾਰਤ ਦੇ ਕੇਂਦਰੀ ਕੱਪੜਾ ਅਤੇ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਇੱਥੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ‘ਆਸਟਰੇਲੀਅਨਜ਼ ਆਫ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ’ ’ਤੇ ਹੋਏ ਸਮਾਗਮ ਵਿੱਚ ਸੰਬੋਧਨ ਕਰਦਿਆਂ ਪੰਜਾਬੀਆਂ ਦੇ ਨੁਮਾਇੰਦੇ ਪ੍ਰਣਾਮ ਸਿੰਘ ਹੇਅਰ ਨੇ ਕਿਹਾ ਕਿ ਇਹ ਸਮਾਰਕ ਸਿਰਫ਼ ਇਤਿਹਾਸ ਦੀ ਯਾਦ ਨਹੀਂ ਬਲਕਿ ਭਾਰਤ ਅਤੇ ਆਸਟਰੇਲੀਆ ਦੇ ਗੂੜ੍ਹੇ ਸਬੰਧਾਂ, ਸਾਂਝੀ ਵਿਰਾਸਤ ਅਤੇ ਸਿਪਾਹੀਆਂ ਦੀ ਅਮਰ ਕੁਰਬਾਨੀ ਨੂੰ ਦਰਸਾਉਂਦਾ ਹੈ। ਇਹ ਯਾਦਗਾਰ ਭਾਰਤੀ ਵਿਰਾਸਤ ਨਾਲ ਜੁੜੇ ਉਨ੍ਹਾਂ ਆਸਟਰੇਲਿਆਈ ਸਿਪਾਹੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਪਹਿਲੀ ਤੇ ਦੂਜੀ ਵਿਸ਼ਵ ਜੰਗ ਅਤੇ ਬਾਅਦ ਦੇ ਸੰਘਰਸ਼ ਵਿੱਚ ਹਿੰਮਤ, ਬਲੀਦਾਨ ਅਤੇ ਨਿਸ਼ਠਾ ਨਾਲ ਸੇਵਾ ਕੀਤੀ। ਇਸ ਮੌਕੇ ਮਾਰਗੇਰੀਟਾ ਨੇ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਦੋਵਾਂ ਮੁਲਕਾਂ ਦਰਮਿਆਨ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਜਤਾਈ। ਉਨ੍ਹਾਂ ਅਨੁਸਾਰ ਪਰਵਾਸੀ ਭਾਰਤੀ ਸਿਰਫ਼ ਭਾਰਤ ਲਈ ਨਹੀਂ, ਸਗੋਂ ਆਸਟਰੇਲੀਆ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।