ਬਸੰਤਗੜ੍ਹ ’ਚ ਮਾਰਿਆ ਗਿਆ ਅਤਿਵਾਦੀ ਜੈਸ਼-ਏ-ਮੁਹੰਮਦ ਦਾ ਕਮਾਂਡਰ ਹੈਦਰ: ਡੀਜੀਪੀ
ਅਖਨੂਰ ਪੁਲੀਸ ਥਾਣੇ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲੀਸ ਮੁਖੀ ਨੇ ਕਿਹਾ, ‘‘ਅਤਿਵਾਦ ਵਿਰੋਧੀ ਕਾਰਵਾਈਆਂ ਲਗਾਤਾਰ ਚੱਲ ਰਹੀਆਂ ਹਨ ਅਤੇ ਹਾਲ ਹੀ ਵਿੱਚ ਸਾਨੂੰ ਡੂਡੂ-ਬਸੰਤਗੜ੍ਹ ਵਿੱਚ ਇੱਕ ਬਹੁਤ ਵੱਡੀ ਸਫ਼ਲਤਾ ਮਿਲੀ ਹੈ, ਜਿੱਥੇ ਇੱਕ ਸੀਨੀਅਰ ਅਤੇ ਚੋਟੀ ਦਾ ਜੈਸ਼ ਕਮਾਂਡਰ, ਜੋ ਪਿਛਲੇ ਚਾਰ ਸਾਲਾਂ ਤੋਂ ਉਸ ਖੇਤਰ ਵਿੱਚ ਸਰਗਰਮ ਸੀ, ਮਾਰਿਆ ਗਿਆ। ਸਾਰੇ ਅਤਿਵਾਦੀਆਂ ਨੂੰ ਇੱਕ-ਇੱਕ ਕਰਕੇ ਖਤਮ ਕੀਤਾ ਜਾਵੇਗਾ।’’
ਬਸੰਤਗੜ੍ਹ ਇਲਾਕੇ ’ਚ 26 ਜੂਨ ਨੂੰ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਅਤਿਵਾਦੀ ਹੈਦਰ, ਜਿਸ ਦਾ code-named ਮੌਲਵੀ ਸੀ,ਪਾਕਿਸਤਾਨ ਤੋਂ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ ਜਦੋਂ ਕਿ ਉਸ ਦੇ ਤਿੰਨ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ ਸਨ।
ਹਾਲਾਂਕਿ ਡੀਜੀਪੀ ਨੇ ਜੰਮੂ ਖੇਤਰ ਦੇ ਜੰਗਲੀ ਇਲਾਕੇ ’ਚ ਸਰਗਰਮ ਅਤਿਵਾਦੀਆਂ ਦੀ ਸਹੀ ਗਿਣਤੀ ਦੱਸਣ ਤੋਂ ਇਨਕਾਰ ਕੀਤਾ ਅਤੇ ਕਿਹਾ, ‘‘ਇਹ ਜਾਣਕਾਰੀ ਜਨਤਕ ਖੇਤਰ ’ਚ ਨਹੀਂ ਦਿੱਤੀ ਜਾ ਸਕਦੀ।’’
ਡੀਜੀਪੀ ਦੇ ਨਾਲ ਆਈਜੀ ਸੀਆਰਪੀਐੱਫ ਗੋਪਾਲ ਸ਼ਰਮਾ, ਜੰਮੁੂ ਜ਼ੋਨ ਦੇ ਇੰਸਪੈਕਟਰ ਜਨਰਲ ਆਫ ਪੁਲੀਸ ਭੀਮ ਸੇਨ ਟੂਟੀ ਅਤੇ ਜੰਮੂ-ਸਾਬਾ-ਕਠੂਆ ਰੇਂਜ ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ ਸ਼ਿਵ ਕੁਮਾਰ ਨਾਲ ਅਖਨੂਰ ਪੁਲੀਸ ਥਾਣੇ ਦਾ ਦੌਰਾ ਕੀਤਾ ਤਾਂ ਕਿ 2024 ਲਈ ਜੰਮੂ ਕਸ਼ਮੀਰ ਵਿੱਚ ਪੁਲੀਸ ਸਟੇਸ਼ਨਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਗ੍ਰਹਿ ਮੰਤਰਾਲੇ ਤੋਂ ਵੱਕਾਰੀ ‘ਉੱਤਮਤਾ ਪੁਰਸਕਾਰ’ ਪ੍ਰਾਪਤ ਕਰਨ ਲਈ ਕਰਮਚਾਰੀਆਂ ਦਾ ਸਨਮਾਨ ਕੀਤਾ ਜਾ ਸਕੇ।
ਪੁਲੀਸ ਥਾਣੇ ਨੂੰ ਪੁਰਸਕਾਰ ਸੌਂਪਦਿਆਂ ਡੀਜੀਪੀ ਨੇ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਜਵਾਨਾਂ ਦੀ ਜਨਤਾ ਨਾਲ ਉਨ੍ਹਾਂ ਦੇ ਤਾਲਮੇਲ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਅਖਨੂਰ ਸੈਕਟਰ ਵਿੱਚ ਸਫਲ ਕਾਰਵਾਈ ਜਨਤਾ ਤੋਂ ਸਮੇਂ ਸਿਰ ਪ੍ਰਾਪਤ ਜਾਣਕਾਰੀ ਦਾ ਨਤੀਜਾ ਸੀ। -ਪੀਟੀਆਈ