ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਤਿਵਾਦ ਪਾਕਿਸਤਾਨ ਦੀ ਸੋਚੀ-ਸਮਝੀ ਜੰਗੀ ਰਣਨੀਤੀ: ਮੋਦੀ

ਪਾਕਿਸਤਾਨ ’ਚ ਗ਼ੈਰ-ਸਰਕਾਰੀ ਤੇ ਸਰਕਾਰੀ ਤੱਤਾਂ ਵਿਚਾਲੇ ਫਰਕ ਕਰਨ ਤੋਂ ਕੀਤਾ ਇਨਕਾਰ; ਗੁਆਂਢੀ ਮੁਲਕ ਨੂੰ ਢੁੱਕਵਾਂ ਜਵਾਬ ਦੇਣ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਡੋਦਰਾ ’ਚ ਰੋਡ ਸ਼ੋਅ ਵਿੱਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ
Advertisement

ਗਾਂਧੀਨਗਰ, 27 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਕੋਈ ਲੁਕਵੀਂ ਜੰਗ ਨਹੀਂ ਬਲਕਿ ਇਹ ਸੋਚੀ-ਸਮਝੀ ਜੰਗੀ ਰਣਨੀਤੀ ਹੈ ਅਤੇ ਭਾਰਤ ਉਸੇ ਅਨੁਸਾਰ ਜਵਾਬ ਦੇਵੇਗਾ। ਪਾਕਿਸਤਾਨ ’ਚ ਗ਼ੈਰ-ਸਰਕਾਰੀ ਤੇ ਸਰਕਾਰੀ ਤੱਤਾਂ ਵਿਚਾਲੇ ਕੋਈ ਫਰਕ ਕਰਨ ਤੋਂ ਇਨਕਾਰ ਕਰਦਿਆਂ ਮੋਦੀ ਨੇ ਕਿਹਾ ਕਿ ਗੁਆਂਢੀ ਮੁਲਕ ਅਤਿਵਾਦ ਨੂੰ ਹਮਾਇਤ ਜਾਰੀ ਰੱਖਦਿਆਂ ਜੰਗ ’ਚ ਰੁੱਝਿਆ ਹੋਇਆ ਹੈ।

Advertisement

ਮੋਦੀ ਨੇ ਇੱਥੇ ਗੁਜਰਾਤ ਸਰਕਾਰ ਦੇ ਸ਼ਹਿਰੀ ਵਿਕਾਸ ਪ੍ਰੋਗਰਾਮ ’ਚ ਕਿਹਾ, ‘ਵਸੂਧੈਵ ਕੁਟੁੰਬਕਮ ਸਾਡਾ ਸੰਸਕਾਰ ਹੈ। ਅਸੀਂ ਆਪਣੇ ਗੁਆਂਢੀਆਂ ਲਈ ਵੀ ਖੁਸ਼ੀ ਚਾਹੁੰਦੇ ਹਾਂ ਪਰ ਜੇ ਤੁਸੀਂ ਸਾਡੀ ਤਾਕਤ ਨੂੰ ਚੁਣੌਤੀ ਦੇਵੋਗੇ ਤਾਂ ਭਾਰਤ ਵੀ ਯੋਧਿਆਂ ਦੀ ਧਰਤੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਇਸ ਨੂੰ ਲੁਕਵੀਂ ਜੰਗ ਨਹੀਂ ਕਹਿ ਸਕਦੇ ਕਿਉਂਕਿ 6 ਮਈ ਦੀ ਰਾਤ (ਪਾਕਿਸਤਾਨ ’ਚ ਅਤਿਵਾਦੀ ਕੈਂਪਾਂ ’ਤੇ ਭਾਰਤੀ ਹਮਲਿਆਂ ’ਚ) ਮਾਰੇ ਗਏ ਲੋਕਾਂ ਨੂੰ ਪਾਕਿਸਤਾਨ ’ਚ ਸਰਕਾਰੀ ਸਨਮਾਨ ਦਿੱਤਾ ਗਿਆ। ਉਨ੍ਹਾਂ ਦੇ ਤਾਬੂਤ ਪਾਕਿਸਤਾਨੀ ਝੰਡਿਆਂ ’ਚ ਲਪੇਟੇ ਗਏ ਅਤੇ ਸੈਨਾ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ।’ ਉਨ੍ਹਾਂ ਕਿਹਾ, ‘ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਅਤਿਵਾਦੀ ਗਤੀਵਿਧੀਆਂ ਸਿਰਫ਼ ਲੁਕਵੀਂ ਜੰਗ ਨਹੀਂ ਹੈ ਸਗੋਂ ਉਨ੍ਹਾਂ ਦੀ ਸੋਚੀ-ਸਮਝੀ ਜੰਗੀ ਰਣਨੀਤੀ ਹੈ। ਜੇ ਉਹ ਜੰਗ ’ਚ ਸ਼ਾਮਲ ਹੁੰਦੇ ਹਨ ਤਾਂ ਜਵਾਬ ਵੀ ਉਸੇ ਤਰ੍ਹਾਂ ਦਿੱਤਾ ਜਾਵੇਗਾ।’

ਉਨ੍ਹਾਂ ਕਿਹਾ ਕਿ ਵਡੋਦਰਾ, ਦਾਹੋਦ, ਭੁਜ, ਅਹਿਮਦਾਬਾਦ ਤੇ ਗਾਂਧੀਨਗਰ ਦੀ ਆਪਣੀ ਯਾਤਰਾ ਦੌਰਾਨ ਉਨ੍ਹਾਂ ‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਦੀ ਗੂੰਜ ਨਾਲ ਦੇਸ਼ ਭਗਤੀ ਦਾ ਜੋਸ਼ ਮਹਿਸੂਸ ਕੀਤਾ ਅਤੇ ਇਹ ਭਾਵਨਾ ਪੂਰੇ ਦੇਸ਼ ’ਚ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਕੰਡਾ ਲਗਾਤਾਰ ਦਰਦ ਦੇ ਸਕਦਾ ਹੈ, ਫਿਰ ਭਾਵੇਂ ਸਰੀਰ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਨੇ ‘ਅਤਿਵਾਦ ਦੇ ਕੰਡੇ’ ਨੂੰ ਕੱਢਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਆਜ਼ਾਦੀ ਤੋਂ ਤੁਰੰਤ ਬਾਅਦ ਕਸ਼ਮੀਰ ’ਚ ਹੋਈ ਘੁਸਪੈਠ ਦਾ ਜ਼ਿਕਰ ਕਰਦਿਆਂ ਕਿਹਾ, ‘ਸਾਨੂੰ 1947 ’ਚ ਕਸ਼ਮੀਰ ’ਚ ਘੁਸਪੈਠ ਕਰਨ ਵਾਲੇ ਮੁਜਾਹਿਦੀਨਾਂ ਨੂੰ ਮਾਰ ਮੁਕਾਉਣਾ ਚਾਹੀਦਾ ਸੀ ਅਤੇ ਜੇ ਅਜਿਹਾ ਕੀਤਾ ਗਿਆ ਹੁੰਦਾ ਤਾਂ ਮੌਜੂਦਾ ਸਥਿਤੀ ਪੈਦਾ ਨਾ ਹੁੰਦੀ।’ ਉਨ੍ਹਾਂ ਕਿਹਾ ਕਿ ਉਸ ਸਮੇਂ ਸਰਦਾਰ ਪਟੇਲ ਦੀ ਰਾਏ ਸੀ ਕਿ ਸੈਨਾ ਨੂੰ ਉਦੋਂ ਤੱਕ ਨਹੀਂ ਰੁਕਣਾ ਚਾਹੀਦਾ ਜਦੋਂ ਤੱਕ ਮਕਬੂਜ਼ਾ ਕਸ਼ਮੀਰ ’ਤੇ ਮੁੜ ਕਬਜ਼ਾ ਨਹੀਂ ਕਰ ਲਿਆ ਜਾਂਦਾ ਪਰ ਉਨ੍ਹਾਂ ਦੀ ਸਲਾਹ ’ਤੇ ਧਿਆਨ ਨਹੀਂ ਦਿੱਤਾ ਗਿਆ। -ਪੀਟੀਆਈ

Advertisement
Show comments