ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਨੁੱਖਤਾ ਦੇ ਖ਼ਿਲਾਫ਼ ਹੈ ਅਤਿਵਾਦ: ਮੋਦੀ

ਜੀ-20 ਸੰਸਦੀ ਸਪੀਕਰਾਂ ਦਾ ਸਿਖਰ ਸੰਮੇਲਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 13 ਅਕਤੂਬਰ

ਇਜ਼ਰਾਈਲ-ਹਮਾਸ ਵਿਚਕਾਰ ਚੱਲ ਰਹੀ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ’ਚ ਕਿਤੇ ਵੀ ਅਤੇ ਕਿਸੇ ਵੀ ਰੂਪ ’ਚ ਅਤਿਵਾਦ ਮਨੁੱਖਤਾ ਖ਼ਿਲਾਫ਼ ਹੈ ਤੇ ਟਕਰਾਅ ਨਾਲ ਕਿਸੇ ਦਾ ਫਾਇਦਾ ਨਹੀਂ ਹੁੰਦਾ ਹੈ। ਬਾਅਦ ’ਚ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਜੀ-20 ਮੁਲਕਾਂ ਨੇ ਅਤਿਵਾਦ ਤੇ ਹਿੰਸਕ ਕੱਟੜਵਾਦ ਦੇ ਟਾਕਰੇ ਦਾ ਅਹਿਦ ਲਿਆ ਹੈ। ਮੋਦੀ ਨੇ ਸ਼ਾਂਤੀ ਤੇ ਭਾਈਚਾਰਕ ਸਾਂਝ ਵਧਾਉਣ ਦਾ ਸਮਾਂ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਵੰਡੀ ਹੋਈ ਦੁਨੀਆ ਵੱਡੀਆਂ ਆਲਮੀ ਚੁਣੌਤੀਆ ਦਾ ਕੋਈ ਹੱਲ ਪ੍ਰਦਾਨ ਨਹੀਂ ਕਰ ਸਕਦੀ ਹੈ। ਇਥੇ ਜੀ-20 ਸੰਸਦੀ ਸਪੀਕਰਾਂ ਦੇ ਸਿਖਰ ਸੰਮੇਲਨ (ਪੀ-20) ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮਨੁੱਖ ਕੇਂਦਰਿਤ ਪਹੁੰਚ ਨਾਲ ਅੱਗੇ ਵਧਣ ਦਾ ਰਾਹ ਸੁਝਾਇਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਦੁਨੀਆ ਦੇ ਵੱਖ ਵੱਖ ਹਿੱਸੇ ’ਚ ਕੀ ਕੁਝ ਵਾਪਰ ਰਿਹਾ ਹੈ। ਦੁਨੀਆ ਵਿਵਾਦਾਂ ਅਤੇ ਮੱਤਭੇਦਾਂ ਨਾਲ ਜੂਝ ਰਹੀ ਹੈ ਅਤੇ ਇਹ ਦੁਨੀਆ ਕਿਸੇ ਦੇ ਹਿੱਤ ’ਚ ਨਹੀਂ ਹੈ। ਵੰਡੀ ਹੋਈ ਦੁਨੀਆ ਮਾਨਵਤਾ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਦੇ ਹੱਲ ਪ੍ਰਦਾਨ ਨਹੀਂ ਕਰ ਸਕਦੀ ਹੈ।’’ ਪ੍ਰਧਾਨ ਮੰਤਰੀ ਨੇ ਕਿਸੇ ਖਾਸ ਟਕਰਾਅ ਜਾਂ ਮੁੱਦੇ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਚੱਲ ਰਹੀ ਹੈ। ਮੋਦੀ ਨੇ ਅਤਿਵਾਦ ਨਾਲ ਸਿੱਝਣ ’ਚ ਸਖ਼ਤ ਪਹੁੰਚ ਅਪਣਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾ ਵਾਲੀ ਗੱਲ ਹੈ ਕਿ ਅਤਿਵਾਦ ਦੀ ਪਰਿਭਾਸ਼ਾ ’ਤੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸੰਯੁਕਤ ਰਾਸ਼ਟਰ ’ਚ ਅਤਿਵਾਦ ਦੇ ਟਾਕਰੇ ਬਾਰੇ ਕੌਮੀ ਕਨਵੈਨਸ਼ਨ ਸਹਿਮਤੀ ਦੀ ਉਡੀਕ ਕਰ ਰਹੀ ਹੈ ਅਤੇ ‘ਮਨੁੱਖਤਾ ਦੇ ਦੁਸ਼ਮਣ’ ਇਸ ਦਾ ਲਾਹਾ ਲੈ ਰਹੇ ਹਨ।

Advertisement

ਉਨ੍ਹਾਂ ਕਿਹਾ ਕਿ ਆਲਮੀ ਚੁਣੌਤੀਆਂ ਨਾਲ ਸਿੱਝਣ ’ਚ ਲੋਕਾਂ ਦੀ ਸ਼ਮੂਲੀਅਤ ਤੋਂ ਵਧੀਆ ਸਾਧਨ ਹੋਰ ਕੋਈ ਨਹੀਂ ਹੋ ਸਕਦਾ। ‘ਮੈਂ ਹਮੇਸ਼ਾ ਮੰਨਦਾ ਹਾਂ ਕਿ ਸਰਕਾਰਾਂ ਬਹੁਮਤ ਨਾਲ ਬਣਾਈਆਂ ਜਾਂਦੀਆਂ ਹਨ ਪਰ ਦੇਸ਼ ਸਰਬਸੰਮਤੀ ਨਾਲ ਚਲਾਇਆ ਜਾਂਦਾ ਹੈ।’

ਉਨ੍ਹਾਂ ਕਿਹਾ ਕਿ ਅਗਲੇ ਸਾਲ ਭਾਰਤ ’ਚ ਆਮ ਚੋਣਾਂ ’ਚ 100 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਉਨ੍ਹਾਂ ਪੀ-20 ਦੇ ਡੈਲੀਗੇਟਾਂ ਨੂੰ ਅਗਲੇ ਸਾਲ ਚੋਣ ਅਮਲ ਦੇਖਣ ਲਈ ਦੁਬਾਰਾ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਹਰੇਕ ਖੇਤਰ ’ਚ ਔਰਤਾਂ ਦੀ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਔਰਤਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ ਰਾਖਵਾਂਕਰਨ ਦੇਣ ਲਈ ਕਾਨੂੰਨ ਬਣਾਇਆ ਗਿਆ ਹੈ। -ਪੀਟੀਆਈ

ਮੈਕਸੀਕੋ ਸੈਨੇਟ ਦੀ ਮੁਖੀ ਐਨਾ ਲੀਲਾ ਰੀਵੇਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਦੀ ਹੋਈ। -ਫੋਟੋ: ਮਾਨਸ ਰੰਜਨ ਭੂਈ

ਅਤਿਵਾਦ ਅਤੇ ਹਿੰਸਕ ਕੱਟੜਵਾਦ ਦੇ ਟਾਕਰੇ ਦਾ ਅਹਿਦ

ਨਵੀਂ ਦਿੱਲੀ: ਜੀ-20 ਮੁਲਕਾਂ ਦੀਆਂ ਸੰਸਦਾਂ ਦੇ ਸਪੀਕਰਾਂ ਦੇ ਸੰਮੇਲਨ ਮਗਰੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ’ਚ ਅਤਿਵਾਦ ਅਤੇ ਹਿੰਸਕ ਕੱਟੜਵਾਦ ਦੇ ਟਾਕਰੇ ਲਈ ਆਪਣੀਆਂ ਆਪਣੀਆਂ ਸੰਸਦਾਂ, ਬਜਟ ਅਤੇ ਹੋਰ ਸਮਾਗਮਾਂ ਦੀ ਵਰਤੋਂ ਕਰਨ ਦਾ ਅਹਿਦ ਲਿਆ ਗਿਆ। ਬਿਆਨ ’ਚ ਹਰ ਤਰ੍ਹਾਂ ਦੇ ਅਤਿਵਾਦ ਦੀ ਨਿਖੇਧੀ ਕੀਤੀ ਗਈ। ਸੰਮੇਲਨ ਦੀ ਅਗਵਾਈ ਕਰ ਰਹੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੱਸਿਆ ਕਿ ਸਾਂਝਾ ਐਲਾਨਨਾਮਾ ਵਾਸੂਧੈਵ ਕੁਟੁੰਬਕਮ ਦੀ ਭਾਵਨਾ ਮੁਤਾਬਕ ਹੈ। ਪੀ-20 ਆਗੂਆਂ ਦਾ ਸਾਂਝਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਯੂਕਰੇਨ ’ਚ ਜੰਗ ਜਾਰੀ ਹੈ ਅਤੇ ਇਜ਼ਰਾਈਲ ਤੇ ਹਮਾਸ ਵਿਚਕਾਰ ਸੰਘਰਸ਼ ਚੱਲ ਰਿਹਾ ਹੈ। ਸੰਸਦੀ ਆਗੂਆਂ ਨੇ ਕਿਹਾ ਕਿ ਅਤਿਵਾਦ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। -ਪੀਟੀਆਈ

ਕੈਨੇਡੀਅਨ ਸੈਨੇਟ ਸਪੀਕਰ ਰਹੀ ਗ਼ੈਰਹਾਜ਼ਰ

ਨਵੀਂ ਦਿੱਲੀ: ਕੈਨੇਡੀਅਨ ਸੈਨੇਟ ਸਪੀਕਰ ਰੇਮੰਡ ਗੈਗਨੇ ਜੀ-20 ਸੰਸਦੀ ਸਪੀਕਰਾਂ ਦੇ ਸਿਖਰ ਸੰਮੇਲਨ ’ਚੋਂ ਗ਼ੈਰਹਾਜ਼ਰ ਰਹੀ। ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅ ਦਰਮਿਆਨ ਸੈਨੇਟ ਸਪੀਕਰ ਨੇ ਇਥੇ ਹੋ ਰਹੇ ਸੰਮੇਲਨ ’ਚੋਂ ਲਾਂਭੇ ਰਹਿਣ ਦਾ ਫ਼ੈਸਲਾ ਲਿਆ। ਸੰਮੇਲਨ ਦੇ ਪਹਿਲੇ ਦਿਨ ਨਾ ਤਾਂ ਕੈਨੇਡੀਅਨ ਸੈਨੇਟ ਸਪੀਕਰ ਅਤੇ ਨਾ ਹੀ ਜੀ-20 ਮੈਂਬਰ ਮੁਲਕ ਦੇ ਕਿਸੇ ਹੋਰ ਪ੍ਰਤੀਨਿਧ ਦਾ ਨਾਮ ਪ੍ਰੋਗਰਾਮ ਦੀ ਸੂਚੀ ’ਚ ਸ਼ਾਮਲ ਸੀ। ਸੂਚੀ ’ਚ ਇੰਡੋਨੇਸ਼ੀਆ, ਮੈਕਸਿਕੋ, ਸਾਊਦੀ ਅਰਬ, ਓਮਾਨ, ਸਪੇਨ, ਯੂਰੋਪੀਅਨ ਸੰਸਦ, ਇਟਲੀ, ਦੱਖਣੀ ਅਫ਼ਰੀਕਾ, ਰੂਸ, ਤੁਰਕੀ, ਨਾਇਜੀਰੀਆ, ਆਸਟਰੇਲੀਆ, ਬ੍ਰਾਜ਼ੀਲ, ਯੂਏਈ, ਸਿੰਗਾਪੁਰ, ਜਪਾਨ, ਮਿਸਰ ਅਤੇ ਬੰਗਲਾਦੇਸ਼ ਦੇ ਨਾਮ ਸ਼ਾਮਲ ਸਨ। -ਏਐੱਨਆਈ

 

ਮੈਕਸੀਕੋ ਸੈਨੇਟ ਦੀ ਮੁਖੀ ਐਨਾ ਲੀਲਾ ਰੀਵੇਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਦੀ ਹੋਈ। -ਫੋਟੋ: ਮਾਨਸ ਰੰਜਨ ਭੂਈ

 

Advertisement
Show comments