Terror module case: ਸੀਆਈਕੇ ਵੱਲੋਂ ਮਹਿਲਾ ਡਾਕਟਰ ਦੇ ਅਨੰਤਨਾਗ ਵਿਚਲੇ ਘਰ ਉੱਤੇ ਛਾਪਾ
ਕਾਊਂਟਰ ਇੰਟੈਲੀਜੈਂਸ ਕਸ਼ਮੀਰ (CIK) ਨੇ ‘ਵ੍ਹਾਈਟ ਕਾਲਰ ਦਹਿਸ਼ਤੀ ਮੌਡਿਊਲ’ ਦੇ ਸਬੰਧ ਵਿਚ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਇਕ ਡਾਕਟਰ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਤਲਾਸ਼ੀ ਲਈ। ਅਧਿਕਾਰੀਆਂ ਨੇ ਕਿਹਾ ਕਿ ਸੀਆਈਕੇ ਦੀ ਟੀਮ ਨੇ ਅੱਧੀ ਰਾਤ ਨੂੰ ਅਨੰਤਨਾਗ ਦੇੇ ਮਾਲਕਨਾਗ ਵਿਚ ਛਾਪੇ ਮਾਰੇ। ਇਸ ਦੌਰਾਨ ਅਮਲੇ ਨੂੰ ਪਤਾ ਲੱਗਾ ਕਿ ਹਰਿਆਣਾ ਨਾਲ ਸਬੰਧਤ ਮਹਿਲਾ ਡਾਕਟਰ ਇਸ ਘਰ ਵਿਚ ਕਿਰਾਏਦਾਰ ਵਜੋਂ ਰਹਿ ਰਹੀ ਸੀ। ਟੀਮ ਨੇ ਫੋਰੈਂਸਿਕ ਜਾਂਚ ਲਈ ਇਕ ਮੋਬਾਈਲ ਕਬਜ਼ੇ ਵਿਚ ਲਿਆ ਹੈ।
ਇਸ ਦੌਰਾਨ ਪੁਲੀਸ ਨੇ ਦਹਿਸ਼ਤੀ ਮੌਡਿਊਲ ਕੇਸ ਦੇ ਸਬੰਧ ਵਿਚ ਡਰਾਈ ਫਰੂਟ ਵਪਾਰੀ ਬਿਲਾਲ ਅਹਿਮਦ ਵਾਨੀ ਤੇ ਉਸ ਦੇ ਪੁੱਤਰ ਜਾਸੀਰ ਬਿਲਾਲ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਮੁਤਾਬਕ ਬਿਲਾਲ ਨੇ ਕਾਜ਼ੀਕੁੰਡ ਇਲਾਕੇ ਵਿਚ ਖੁ਼ਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਬਿਲਾਲ ਅਹਿਮਦ ਨੂੰ ਇਲਾਜ ਲਈ ਜੀਐੱਮਸੀ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾਂਦੀ ਹੈ। ਬਿਲਾਲ ਦਾ ਪੁੱਤ ਅਜੇ ਵੀ ਸੀਆਈਕੇ ਦੀ ਹਿਰਾਸਤ ਵਿਚ ਹੈ।
ਵਾਨੀ ‘ਵ੍ਹਾਈਟ ਕਾਲਰ ਦਹਿਸ਼ਤੀ ਮੌਡਿਊਲ’ ਕੇਸ ਦੇ ਮੁੱਖ ਮੁਲਜ਼ਮ ਡਾ.ਮੁਜ਼ੱਫਰ ਰਾਥਰ ਦਾ ਗੁਆਂਢੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੁਜ਼ੱਫਰ ਇਸ ਵੇਲੇ ਅਫ਼ਗ਼ਾਨਿਸਤਾਨ ਵਿਚ ਹੈ। ਪੁਲੀਸ ਨੇ ਮੁਜ਼ੱਫਰ ਦੇ ਭਰਾ ਡਾ.ਆਦਿਲ ਰਾਥਰ ਨੂੰ 6 ਨਵੰਬਰ ਨੂੰ ਯੂਪੀ ਦੇ ਸਹਾਰਨਪੁਰ ’ਚੋਂ ਗ੍ਰਿਫ਼ਤਾਰ ਕੀਤਾ ਸੀ।
