ਬੱਸ ਅਤੇ ਟਿੱਪਰ ਦੀ ਭਿਆਨਕ ਟੱਕਰ; ਦੋ ਹਲਾਕ
ਅੱਡਾ ਗੋਪਾਲਪੁਰਾ ਨੇੜੇ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ’ਤੇ ਪ੍ਰਾਈਵੇਟ ਬੱਸ ਅਤੇ ਮਿਕਸਰ ਵਾਲੇ ਟਿੱਪਰ ਟਰੱਕ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਾਰਨ 2 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚ ਇੱਕ ਔਰਤ ਤੇ ਬੱਚਾ ਸ਼ਾਮਲ ਹਨ।
ਮੌਕੇ ’ਤੇ ਦੇਖਣ ਵਾਲਿਆਂ ਨੇ ਦੱਸਿਆ ਕਿ ਐੱਚ ਐੱਸ ਪ੍ਰੀਮਿਕਸ ਕੰਪਨੀ ਦਾ ਟਿੱਪਰ (ਨੰਬਰ ਪੀ ਬੀ-02 ਬੀ ਵੀ -9092) ਆਪਣੇ ਡੰਪ ਵੱਲ ਮੁੜਨ ਲਈ ਬਿਨਾਂ ਸੰਕੇਤ ਦਿੱਤੇ ਅਤੇ ਬਿਨਾਂ ਆਉਂਦੀ-ਜਾਂਦੀ ਟ੍ਰੈਫਿਕ ਵੇਖੇ ਸੜਕ ਪਾਰ ਕਰਨ ਲੱਗ ਪਿਆ। ਇਸੇ ਦੌਰਾਨ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆ ਰਹੀ ਏ ਬੀ ਟੀ ਸੀ ਕੰਪਨੀ ਦੀ ਪ੍ਰਾਈਵੇਟ ਬੱਸ (ਨੰਬਰ ਪੀ ਬੀ-02 ਸੀ ਸੀ-6780) ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿੱਪਰ ਨਾਲ ਸਿੱਧੀ ਟਕਰਾ ਗਈ। ਟਰੱਕ ਤੇ ਬੱਸ ਦੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਉੱਖੜ ਗਈਆਂ ਤੇ ਅਗਲਾ ਹਿੱਸਾ ਵੀ ਸਾਰਾ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲੀਸ ਤੇ ਐਂਬੂਲੈਂਸਾਂ ਪਹੁੰਚ ਗਈਆਂ। ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਤੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਗਿਆ।
