ਕਟਕ ਹਿੰਸਾ: ਪੁਲੀਸ ਨੇ ਅੱਠ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ; 36 ਘੰਟੇ ਦਾ ਕਰਫਿਊ, ਇੰਟਰਨੈੱਟ ਸੇਵਾਵਾਂ ਬੰਦ
ਦੁਰਗਾ ਮੂਰਤੀਆਂ ਦੇ ਵਿਸਰਜਨ ਦੌਰਾਨ ਦੋ ਸਮੂਹਾਂ ਵਿਚਕਾਰ ਹਿੰਸਾ ਭੜਕਣ ਤੋਂ ਕੁਝ ਘੰਟਿਆਂ ਬਾਅਦ ਓਡੀਸ਼ਾ ਦੇ ਕਟਕ ਸ਼ਹਿਰ ਵਿੱਚ ਸਥਿਤੀ ਤਣਾਅਪੂਰਨ ਬਣ ਗਈ। ਹਾਲਾਂਕਿ ਲਗਾਤਾਰ ਪੁਲੀਸ ਵੱਲੋਂ ਜਾਂਚ ਜਾਰੀ ਹੈ ਅਤੇ ਹੁਣ ਤੱਕ ਪੁਲੀਸ ਨੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ, ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਨੇ 6 ਅਕਤੂਬਰ ਨੂੰ ਸ਼ਹਿਰ ਵਿੱਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ।
ਪੁਲੀਸ ਅਨੁਸਾਰ ਝੜਪ ਸਵੇਰੇ 1.30 ਵਜੇ ਤੋਂ 2 ਵਜੇ ਦੇ ਵਿਚਕਾਰ ਉਦੋਂ ਹੋਈ ਜਦੋਂ ਵਿਸਰਜਨ ਜਲੂਸ ਦਰਗਾਹਬਾਜ਼ਾਰ ਖੇਤਰ ਵਿੱਚ ਹਾਥੀ ਪੋਖਰੀ ਨੇੜੇ ਕਥਾਜੋੜੀ ਨਦੀ ਦੇ ਕੰਢੇ ਦੇਵੀਗੜ੍ਹ ਵੱਲ ਵਧ ਰਿਹਾ ਸੀ।
ਉਨ੍ਹਾਂ ਕਿਹਾ ਕਿ ਹਿੰਸਾ ਨੂੰ ਰੋਕਣ ਲਈ ਸ਼ਾਮ 7 ਵਜੇ ਤੋਂ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਕੁਝ ਸਥਾਨਕ ਲੋਕਾਂ ਨੇ ਜਲੂਸ ਦੌਰਾਨ ਵਜਾਏ ਜਾ ਰਹੇ ਉੱਚੀ ਆਵਾਜ਼ ਵਾਲੇ ਸੰਗੀਤ ’ਤੇ ਇਤਰਾਜ਼ ਕੀਤਾ। ਇਹ ਬਹਿਸ ਜਲਦੀ ਹੀ ਟਕਰਾਅ ਵਿੱਚ ਬਦਲ ਗਈ, ਭੀੜ ਨੇ ਛੱਤਾਂ ਤੋਂ ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ, ਜਿਸ ਨਾਲ ਕਟਕ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ) ਖਿਲਾਰੀ ਰਿਸ਼ੀਕੇਸ਼ ਗਿਆਨਦੇਵ ਸਮੇਤ ਕਈ ਲੋਕ ਜ਼ਖਮੀ ਹੋ ਗਏ।
ਸਥਿਤੀ ਨੂੰ ਕਾਬੂ ਕਰਨ ਲਈ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਝੜਪ ਦੌਰਾਨ ਕਈ ਵਾਹਨਾਂ ਅਤੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ।
ਪੂਜਾ ਕਮੇਟੀ ਦੇ ਮੈਂਬਰਾਂ ਨੇ ਝੜਪ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਕਾਰਨ ਵਿਸਰਜਨ ਸਮਾਰੋਹ ਲਗਭਗ ਤਿੰਨ ਘੰਟਿਆਂ ਲਈ ਰੋਕਿਆ ਗਿਆ।
ਵਿਸਰਜਨ ਸਮਾਰੋਹ ਸਖ਼ਤ ਸੁਰੱਖਿਆ ਵਿਚਕਾਰ ਦੁਬਾਰਾ ਸ਼ੁਰੂ ਹੋਇਆ ਅਤੇ ਬਾਕੀ ਸਾਰੀਆਂ ਮੂਰਤੀਆਂ ਐਤਵਾਰ ਸਵੇਰੇ 9:30 ਵਜੇ ਤੱਕ ਵਿਸਰਜਨ ਕਰ ਦਿੱਤੀਆਂ ਗਈਆਂ।
ਪੁਲੀਸ ਅਨੁਸਾਰ, ਹੁਣ ਤੱਕ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸੀਸੀਟੀਵੀ ਫੁਟੇਜ, ਡਰੋਨ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ’ਤੇ ਹੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ।