ਆਰਜੀ ਕਰ ਘਟਨਾ: ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ
ਪੁਲੀਸ ਨੇ ਇੱਥੇ ਸਰਕਾਰੀ ਆਰਜੀ ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਇੱਕ ਸਾਲ ਪੂਰਾ ਹੋਣ ਮੌਕੇ ਅੱਜ ਪੱਛਮੀ ਬੰਗਾਲ ਸਕੱਤਰੇਤ ਨਾਬੰਨਾ ਤੱਕ ਮਾਰਚ ਦੌਰਾਨ ਕੇਂਦਰੀ ਕੋਲਕਾਤਾ ਦੇ ਪਾਰਕ ਸਟ੍ਰੀਟ ਕ੍ਰਾਸਿੰਗ ’ਤੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕੀਤਾ। ਰਾਣੀ ਰਸ਼ਮੋਨੀ ਰੋਡ ਅਸੈਂਬਲੀ ਸਥਾਨ ਤੋਂ ਅੱਗੇ ਨਾ ਵਧਣ ਦੀਆਂ ਪੁਲੀਸ ਦੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਵਿਦਿਆਸਾਗਰ ਸੇਤੂ ਵੱਲ ਵਧਣ ਲਈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਤਣਾਅ ਪੈਦਾ ਹੋ ਗਿਆ।
ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਭਾਜਪਾ ਆਗੂ ਅਗਨੀਮਿੱਤਰਾ ਪੌਲ ਅਤੇ ਹੋਰ ਭਾਜਪਾ ਵਿਧਾਇਕਾਂ ਸਮੇਤ ਪਾਰਕ ਸਟ੍ਰੀਟ-ਜੇਐੱਲ ਨਹਿਰੂ ਰੋਡ ਕਰਾਸਿੰਗ ’ਤੇ ਧਰਨਾ ਦਿੱਤਾ ਅਤੇ ਦੋਸ਼ ਲਾਇਆ ਕਿ ਪੁਲੀਸ ਕਾਰਵਾਈ ਵਿੱਚ ਅਧਿਕਾਰੀ ਅਤੇ ਹੋਰ ਭਾਜਪਾ ਆਗੂਆਂ ਸਮੇਤ 100 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ।
ਅਧਿਕਾਰੀ ਨੇ ਦਾਅਵਾ ਕੀਤਾ ਕਿ ਲਾਠੀਚਾਰਜ ਵਿੱਚ ਆਰਜੀ ਕਰ ਦੀ ਪੀੜਤਾ ਦੇ ਮਾਤਾ-ਪਿਤਾ ਵੀ ਜ਼ਖ਼ਮੀ ਹੋ ਗਏ ਹਨ। ਅਧਿਕਾਰੀ ਨੇ ਕਿਹਾ, ‘‘ਮਮਤਾ ਬੈਨਰਜੀ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹ ਪ੍ਰਦਰਸ਼ਨ ਅੱਗੇ ਹੋਰ ਵੀ ਵੱਡਾ ਹੋਵੇਗਾ।’’ ਮਾਰਚ ਵਿੱਚ ਹਿੱਸਾ ਲੈ ਰਹੇ ਪ੍ਰਦਰਸ਼ਨਕਾਰੀਆਂ ਦਾ ਇੱਕ ਹਿੱਸਾ ਅੱਜ ਹਾਵੜਾ ਜ਼ਿਲ੍ਹੇ ਵਿੱਚ ਸੰਤਰਾਗਾਚੀ ਵਿੱਚ ਪਹੁੰਚ ਗਿਆ ਅਤੇ ਸਿਟੀ ਪੁਲੀਸ ਵੱਲੋਂ ਲਾਏ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ‘ਨਾਬੰਨਾ ਚੱਲੋ ਅਭਿਆਨ’ ਵਿੱਚ ਹਿੱਸਾ ਲੈ ਰਹੇ ਪ੍ਰਦਰਸ਼ਨਕਾਰੀਆਂ ਨੇ ਆਰਜੀ ਕਰ ਪੀੜਤਾ ਲਈ ਇਨਸਾਫ਼ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ।