ਡੋਡਾ ’ਚ ਟੈਂਪੂ ਟਰੈਵਲਰ ਖੱਡ ’ਚ ਡਿੱਗਿਆ, ਸੱਤ ਹਲਾਕ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਜਿੱਥੇ ਮਹਿਲਾ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ, ਉੱਥੇ 17 ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਪੋਂਡਾ ਨੇੜੇ ਡੋਡਾ-ਭਰਥ ਰੋਡ ’ਤੇ ਉਸ ਸਮੇਂ ਵਾਪਰਿਆ ਜਦੋਂ ਟੈਂਪੂ ਟਰੈਵਲਰ ਚਾਲਕ ਸਵੇਰੇ 9 ਵਜੇ ਕੂਹਣੀ ਮੋੜ ਤੋਂ ਬਚਾਅ ਕਰਦਿਆਂ ਵਾਹਨ ਤੋਂ ਕੰਟਰੋਲ ਗੁਆ ਬੈਠਾ। ਹਾਦਸੇ ਵਿੱਚ ਮਾਰੇ ਜਾਣ ਵਾਲਿਆਂ ਦੀ ਪਛਾਣ ਮੁਹੰਮਦ ਅਸ਼ਰਫ (35), ਐੱਮ. ਵਾਨੀ (51), ਅਤਾ ਮੁਹੰਮਦ (33), ਤਾਲਿਬ ਹੁਸੈਨ (35) ਅਤੇ ਰਫ਼ੀਕਾ ਬੇਗ਼ਮ (60) ਵਜੋਂ ਹੋਈ ਹੈ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਡੋਡਾ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਲਿਆਂਦਾ ਐਲਾਨ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਮਿਆਂ ਵੱਲੋਂ 17 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ। ਇਨ੍ਹਾਂ ’ਚੋਂ ਜ਼ਿਆਦਾ ਗੰਭੀਰ ਪੰਜ ਸਾਲਾ ਬੱਚੇ ਉਜ਼ਮਾ ਜਾਨ ਨੂੰ ਜੰਮੂ ਰੈਫ਼ਰ ਕੀਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸਾ ਵਾਪਰਦਿਆਂ ਹੀ ਸਥਾਨਕ ਲੋਕ ਬਚਾਅ ਲਈ ਪੁੱਜ ਗਏ, ਜਿਨ੍ਹਾਂ ਦਾ ਬਾਅਦ ’ਚ ਪੁਲੀਸ ਤੇ ਸੁਰੱਖਿਆ ਮੁਲਾਜ਼ਮਾਂ ਨੇ ਸਾਥ ਦਿੱਤਾ। ਜੰਮੂ ਕਸ਼ਮੀਰ ਦੇ ਗਵਰਨਰ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਤੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਘਟਨਾ ਬਾਰੇ ਪਤਾ ਲੱਗਣ ’ਤੇ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਡੋਡਾ ਦੇ ਡੀਸੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ‘ਐਕਸ’ ਉੱਤੇ ਦੱਸਿਆ,‘ਸਾਰੀ ਸੰਭਵ ਮਦਦ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।’ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।