ਉੱਤਰੀ ਭਾਰਤ ’ਚ ਮੀਂਹ ਤੇ ਬਰਫਬਾਰੀ ਕਾਰਨ ਤਾਪਮਾਨ ’ਚ ਗਿਰਾਵਟ
ਪੰਜਾਬ ਤੇ ਹਰਿਆਣਾ ਵਿੱਚ ਪਿਛਲੇ 24 ਘੰਟਿਆਂ ਅੰਦਰ ਕਈ ਥਾਵਾਂ ’ਤੇ ਮੀਂਹ ਪਿਆ ਜਿਸ ਕਾਰਨ ਦੋਵਾਂ ਸੂਬਿਆਂ ਵਿੱਚ ਤਾਪਮਾਨ ’ਚ ਕਮੀ ਦਰਜ ਕੀਤੀ ਗਈ ਹੈ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਮੰਗਲਵਾਰ ਸਵੇਰੇ 8.30 ਵਜੇ ਤੱਕ ਚਾਰ ਘੰਟਿਆਂ ਅੰਦਰ 40.6 ਐੱਮ ਐੱਮ ਮੀਂਹ ਪਿਆ ਹੈ। ਪੰਜਾਬ ਤੇ ਅੰਮ੍ਰਿਤਸਰ ਵਿੱਚ 20.6 ਐੱਮ ਐੱਮ, ਲੁਧਿਆਣਾ ਵਿੱਚ 9.6, ਪਟਿਆਲਾ ਵਿੱਚ 9, ਪਠਾਨਕੋਟ ’ਚ 19, ਬਠਿੰਡਾ ਵਿੱਚ 20.6, ਫਰੀਦਕੋਟ ’ਚ 3.5, ਗੁਰਦਾਸਪੁਰ ’ਚ 16.7, ਫਿਰੋਜ਼ਪੁਰ ’ਚ 3 ਅਤੇ ਮੁਹਾਲੀ ’ਚ 38 ਐੱਮ ਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ, ਹਿਸਾਰ, ਕਰਨਾਲ, ਨਾਰਨੌਲ, ਰੋਹਤਕ ਤੇ ਸਿਰਸਾ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ। ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ’ਚ ਮੀਂਹ ਮਗਰੋਂ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ’ਚ ਕਮੀ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਅੱਠ ਡਿਗਰੀ ਘੱਟ ਦਰਜ ਕੀਤਾ ਗਿਆ ਹੈ।
ਉੱਧਰ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਬਰਫਬਾਰੀ ਹੋਈ ਜਦਕਿ ਦਰਮਿਆਨੇ ਤੇ ਹੇਠਲੇ ਪਹਾੜੀ ਇਲਾਕਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਕਾਰਨ ਪਾਰਾ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਗੌਂਡਲਾ ’ਚ 26.5 ਸੈਂਟੀ ਮੀਟਰ, ਕੇਲਾਂਗ ’ਚ 20 ਸੈਂਟੀ ਮੀਟਰ ਬਰਫ ਪਈ ਹੈ ਅਤੇ ਕੁਕੁਮਸੇਰੀ ’ਚ 5.6 ਐੱਮ ਐੱਮ ਬਰਫਬਾਰੀ ਹੋਈ ਹੈ ਜਦਕਿ ਚੰਬਾ ਦੇ ਪਾਂਗੀ ਖੇਤਰ ’ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸੇ ਤਰ੍ਹਾਂ ਕਸੌਲੀ, ਨਾਹਣ, ਪਾਉਂਟਾ ਸਾਹਿਬ, ਸਰਾਹਨ, ਸੋਲਨ, ਮਨਾਲੀ, ਸ਼ਿਮਲਾ ਤੇ ਹੋਰ ਕਈ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ।
ਦੂਜੇ ਪਾਸੇ ਕਸ਼ਮੀਰ ’ਚ ਮੰਗਲਵਾਰ ਨੂੰ ਵੀ ਬਰਫਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ, ਪਹਿਲਗਾਮ, ਸੋਨਮਰਗ, ਅਰੂ ਘਾਟੀ, ਚੰਦਨਵਾੜੀ ਤੇ ਕੋਕਰਨਾਗ ਸਮੇਤ ਕਈ ਥਾਵਾਂ ’ਤੇ ਬਰਫਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜੋਜ਼ਿਲਾ ਦੱਰੇ ’ਤੇ ਬਰਫਬਾਰੀ ਕਾਰਨ ਸ੍ਰੀਨਗਰ-ਲੇਹ ਕੌਮੀ ਮਾਰਗ ਆਵਾਜਾਈ ਲਈ ਬੰਦ ਹੋ ਗਿਆ ਹੈ। ਇਸੇ ਤਰ੍ਹਾਂ ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਹੈ। ਇਸੇ ਦੌਰਾਨ ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਬਰਫ਼ੀਲੇ ਤੂਫ਼ਾਨ ਵਿੱਚ ਆਪਣੇ ਪਸ਼ੂਆਂ ਸਮੇਤ ਫਸੇ ਹੋਏ ਬਕਰਵਾਲ ਭਾਈਚਾਰੇ ਨਾਲ ਸਬੰਧਤ 25 ਕਬਾਇਲੀਆਂ ਨੂੰ ਬਚਾਇਆ ਹੈ। -ਪੀਟੀਆਈ