ਤੇਜਸਵੀ ਵੱਲੋਂ ਮੋਦੀ ’ਤੇ ਪਲਟਵਾਰ
ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਕੱਟਾ’ ਵਾਲੀ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੂੰ ਅਜਿਹੀ ਸ਼ਬਦਾਵਲੀ ਵਰਤਦੇ ਨਹੀਂ ਸੁਣਿਆ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਬਿਹਾਰ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ ਸੀ ਕਿ ਕਾਂਗਰਸ ਪਾਰਟੀ ਤੇਜਸਵੀ ਯਾਦਵ ਨੂੰ ‘ਇੰਡੀਆ’ ਗੱਠਜੋੜ ਦਾ ਮੁੱਖ ਮੰਤਰੀ ਉਮੀਦਵਾਰ ਬਣਾਉਣ ਲਈ ਤਿਆਰ ਨਹੀਂ ਸੀ ਪਰ ਆਰ ਜੇ ਡੀ ਨੇ ਉਨ੍ਹਾਂ ਦੇ ਸਿਰ ’ਤੇ ‘ਕੱਟਾ’ (ਗ਼ੈਰ-ਕਾਨੂੰਨੀ ਹਥਿਆਰ) ਤਾਣ ਦਿੱਤਾ ਜਿਸ ਮਗਰੋਂ ਉਸ ਨੂੰ ਝੁਕਣਾ ਪਿਆ।
ਤੇਜਸਵੀ ਯਾਦਵ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਪ੍ਰਧਾਨ ਮੰਤਰੀ ਜੀ ਦੀ ਟਿੱਪਣੀ ਨੂੰ ਲੈ ਕੇ ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਪ੍ਰਧਾਨ ਮੰਤਰੀ ਨੂੰ ਅਜਿਹੀ ਸ਼ਬਦਾਵਲੀ ਵਰਤਦੇ ਨਹੀਂ ਸੁਣਿਆ। ਇਹ ਉਨ੍ਹਾਂ ਦੀ ਸੋਚ ਨੂੰ ਦਰਸਾਉਂਦੀ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਜਦੋਂ ਪ੍ਰਧਾਨ ਮੰਤਰੀ ਗੁਜਰਾਤ ਜਾਂਦੇ ਹਨ ਤਾਂ ਉੱਥੇ ਆਈ ਟੀ ਫੈਕਟਰੀ, ਸੈਮੀਕੰਡਕਟਰ ਯੂਨਿਟ ਅਤੇ ਡੇਟਾ ਸੈਂਟਰ ਦੀ ਗੱਲ ਕਰਦੇ ਹਨ, ਪਰ ਜਦੋਂ ਬਿਹਾਰ ਆਉਂਦੇ ਹਨ ਤਾਂ ‘ਕੱਟੇ’ ਦੀ ਗੱਲ ਕਰਦੇ ਹਨ।’’ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਬਿਹਾਰ ਦੇ ਭੋਜਪੁਰ ਅਤੇ ਨਵਾਦਾ ਜ਼ਿਲ੍ਹਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ, ਜਿੱਥੇ ਉਨ੍ਹਾਂ ਨੇ ਆਰ ਜੇ ਡੀ ਦੇ ਕਥਿਤ ਦਬੰਗ ਅਕਸ ਅਤੇ ਸਹਿਯੋਗੀ ਪਾਰਟੀਆਂ ਨਾਲ ਇਸ ਦੇ ਵਿਵਾਦਪੂਰਨ ਸਬੰਧਾਂ ਦਾ ਜ਼ਿਕਰ ਕਰਦਿਆਂ ਇਹ ਟਿੱਪਣੀ ਕੀਤੀ ਸੀ।
